ਓਟਵਾ, 28 ਫਰਵਰੀ (ਪੋਸਟ ਬਿਊਰੋ) : ਬੁੱਧਵਾਰ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਨੇ ਇੱਕਜੁੱਟ ਹੋ ਕੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਹ ਮੰਗ ਕੀਤੀ ਗਈ ਕਿ ਉਹ 100 ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਐਰਾਈਵਕੈਨ ਕਾਂਟਰੈਕਟਰਜ਼ ਤੇ ਸਬਕਾਂਟਰੈਕਟਰਜ਼ ਤੋਂ ਫੰਡ ਵਾਪਿਸ ਲੈਣ ਜਿਨ੍ਹਾਂ ਨੇ ਕੋਈ ਕੰਮ ਹੀ ਨਹੀਂ ਕੀਤਾ।
ਮੁੱਖ ਵਿਰੋਧੀ ਧਿਰ ਦੇ ਆਗੂ ਪਿਏਰ ਪੌਲੀਏਵਰ ਵੱਲੋਂ ਲਿਆਂਦਾ ਇਹ ਮਤਾ 149 ਦੇ ਮੁਕਾਬਲੇ 170 ਵੋਟਾਂ ਨਾਲ ਪਾਸ ਹੋਇਆ। ਸਿਰਫ ਲਿਬਰਲਾਂ ਵੱਲੋਂ ਇਸ ਮਤੇ ਖਿਲਾਫ ਵੋਟ ਪਾਈ ਗਈ।ਇਸ ਮਤੇ ਵਿੱਚ ਇਹ ਮੰਗ ਵੀ ਕੀਤੀ ਗਈ ਕਿ ਫੈਡਰਲ ਸਰਕਾਰ 18 ਮਾਰਚ ਤੱਕ ਐਰਾਈਵਕੈਨ ਨਾਲ ਸਬੰਧਤ ਸਿੱਧੀ ਜਾਂ ਇਸ ਨਾਲ ਜੁੜੀ ਹੋਈ ਕਿਸੇ ਵੀ ਤਰ੍ਹਾਂ ਦੀ ਲਾਗਤ ਵਾਲੀ ਰਿਪੋਰਟ ਪੇਸ਼ ਕਰੇ।
ਅਸਲ ਵਿੱਚ ਵਿਰੋਧੀ ਪਾਰਟੀਆਂ ਇਹ ਵੇਖਣਾ ਚਾਹੁੰਦੀਆਂ ਹਨ ਕਿ ਇਸ ਐਪ ਉੱਤੇ ਕੰਮ ਕਰਨ ਵਾਲੇ ਪਬਲਿਕ ਸਰਵੈਂਟਸ ਨੂੰ ਕਿਸੇ ਕਿਸਮ ਦੇ ਬੋਨਸ ਤਾਂ ਨਹੀਂ ਦਿੱਤੇ ਗਏ, ਇਸ ਉੱਤੇ ਕੋਈ ਕਾਨੂੰਨੀ ਜਾਂ ਖੋਜ ਸਬੰਧੀ ਕੋਈ ਹੋਰ ਲਾਗਤ ਤਾਂ ਨਹੀਂ ਆਈ ਜਾਂ ਫਿਰ ਪਬਲਿਕ ਰਿਲੇਸ਼ਨਜ਼ ਸਬੰਧੀ ਕੋਈ ਖਰਚੇ ਤਾਂ ਨਹੀਂ ਹੋਏ।