ਢਾਕਾ, 26 ਦਸੰਬਰ (ਪੋਸਟ ਬਿਊਰੋ): ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਸੇਗੁਨਬਾਗੀਚਾ ਇਲਾਕੇ 'ਚ ਸਥਿਤ ਸਕੱਤਰੇਤ 'ਚ ਬੁੱਧਵਾਰ ਦੁਪਹਿਰ ਕਰੀਬ 2 ਵਜੇ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਅੱਗ ਸਕੱਤਰੇਤ ਦੀ ਇਮਾਰਤ ਨੰਬਰ 7 ਦੀ 6ਵੀਂ ਮੰਜਿ਼ਲ `ਤੇ ਲੱਗੀ, ਜੋ ਬਾਅਦ 'ਚ 7ਵੀਂ ਅਤੇ 8ਵੀਂ ਮੰਜਿ਼ਲ 'ਤੇ ਫੈਲ ਗਈ। ਇਸ ਇਮਾਰਤ ਵਿੱਚ ਟਰਾਂਸਪੋਰਟ ਸਮੇਤ 7 ਮੰਤਰਾਲਿਆਂ ਦੇ ਦਫ਼ਤਰ ਹਨ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਹਾਲਾਂਕਿ ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ 10 ਹੋਰ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ 6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਫਾਇਰ ਬ੍ਰਿਗੇਡ ਦੇ ਮੀਡੀਆ ਸੈੱਲ ਦੇ ਅਧਿਕਾਰੀ ਸ਼ਾਹਜਹਾਂ ਸਿ਼ਕਦਾਰ ਮੁਤਾਬਕ ਫਾਇਰ ਬ੍ਰਿਗੇਡ ਵਿਭਾਗ ਨੂੰ ਦੁਪਹਿਰ 1:52 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ 1:54 'ਤੇ ਮੌਕੇ 'ਤੇ ਪਹੁੰਚੇ। ਸਵੇਰੇ 8:05 ਵਜੇ ਅੱਗ 'ਤੇ ਕਾਬੂ ਪਾਇਆ ਗਿਆ।