ਤਲਅਵੀਵ, 3 ਫਰਵਰੀ (ਪੋਸਟ ਬਿਊਰੋ): ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਪਿਛਲੇ ਦੋ ਹਫ਼ਤਿਆਂ ਵਿੱਚ ਵੈਸਟ ਬੈਂਕ (ਫਲਸਤੀਨ) ਵਿੱਚ ਫੌਜੀ ਕਾਰਵਾਈਆਂ ਦੌਰਾਨ 50 ਤੋਂ ਵੱਧ ਫਲਸਤੀਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਅਨੁਸਾਰ, ਆਈਡੀਐੱਫ ਨੇ ਜੇਨਿਨ, ਤੁਲਕਾਰੇਮ ਅਤੇ ਤਾਮੁਨ ਖੇਤਰਾਂ ਵਿੱਚ ਇਨ੍ਹਾਂ ਵਿੱਚੋਂ 35 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਦੋਂਕਿ 15 ਡਰੋਨ ਹਮਲਿਆਂ ਵਿੱਚ ਮਾਰੇ ਗਏ ਹਨ।
ਆਮ ਨਾਗਰਿਕ ਵੀ ਇਨ੍ਹਾਂ ਆਈਡੀਐੱਫ ਹਮਲਿਆਂ ਦਾ ਸਿ਼ਕਾਰ ਹੋਏ ਹਨ। ਇਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਆਈਡੀਐੱਫ ਨੇ ਵੀ ਆਪਣੀ ਗਲਤੀ ਮੰਨ ਲਈ ਹੈ। ਇਜ਼ਰਾਈਲ ਨੇ 100 ਤੋਂ ਵੱਧ ਫਲਸਤੀਨੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 40 ਹਜ਼ਾਰ ਤੋਂ ਵੱਧ ਹਥਿਆਰ ਬਰਾਮਦ ਕੀਤੇ ਗਏ। 80 ਤੋਂ ਵੱਧ ਵਿਸਫੋਟਕਾਂ ਨੂੰ ਨਕਾਰਾ ਕੀਤਾ ਗਿਆ ਹੈ।
ਇਜ਼ਰਾਈਲ ਨੇ ਇਸਨੂੰ ਆਪਰੇਸ਼ਨ ਆਇਰਨ ਵਾਲ ਦਾ ਨਾਮ ਦਿੱਤਾ ਹੈ। ਇਹ 21 ਜਨਵਰੀ ਨੂੰ ਲਾਂਚ ਕੀਤਾ ਗਿਆ ਸੀ ਅਤੇ ਅਗਲੇ ਕਈ ਹਫ਼ਤਿਆਂ ਤੱਕ ਜਾਰੀ ਰਹੇਗਾ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਐਤਵਾਰ ਨੂੰ ਅਮਰੀਕਾ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰੇ ਨੂੰ ਮਹੱਤਵਪੂਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਅਸੀਂ ਮੱਧ ਪੂਰਬ ਦਾ ਨਕਸ਼ਾ ਫਿਰ ਬਦਲ ਸਕਦੇ ਹਾਂ। ਅਸੀਂ ਯੁੱਧ ਦੌਰਾਨ ਲਏ ਗਏ ਫੈਸਲਿਆਂ ਨਾਲ ਇੱਥੇ ਤਸਵੀਰ ਪਹਿਲਾਂ ਹੀ ਬਦਲ ਦਿੱਤੀ ਹੈ। ਸਾਡੇ ਸੈਨਿਕਾਂ ਦੀ ਬਹਾਦਰੀ ਅਤੇ ਸਾਡੇ ਫੈਸਲੇ ਇੱਥੇ ਨਕਸ਼ੇ ਨੂੰ ਮੁੜ ਉਭਾਰ ਰਹੇ ਹਨ।
ਨੇਤਨਯਾਹੂ ਨੇ ਐਕਸ 'ਤੇ ਲਿਖਿਆ ਕਿ ਮੈਂ ਵਾਸਿ਼ੰਗਟਨ ਵਿੱਚ ਡੋਨਾਲਡ ਟਰੰਪ ਨਾਲ ਇੱਕ ਬਹੁਤ ਮਹੱਤਵਪੂਰਨ ਮੀਟਿੰਗ ਲਈ ਜਾ ਰਿਹਾ ਹਾਂ। ਇਹ ਰਾਸ਼ਟਰਪਤੀ ਟਰੰਪ ਦੀ ਕਿਸੇ ਵਿਦੇਸ਼ੀ ਨੇਤਾ ਨਾਲ ਪਹਿਲੀ ਮੁਲਾਕਾਤ ਹੋਵੇਗੀ, ਜੋ ਸਾਡੇ ਨਿੱਜੀ ਸਬੰਧਾਂ ਅਤੇ ਇਜ਼ਰਾਈਲ-ਅਮਰੀਕਾ ਗੱਠਜੋੜ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।