ਪੋਰਟ ਵਿਲਾ, 10 ਮਾਰਚ (ਪੋਸਟ ਬਿਊਰੋ): ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਸਾਬਕਾ ਕਮਿਸ਼ਨਰ ਅਤੇ ਭਗੌੜੇ ਲਲਿਤ ਮੋਦੀ ਦੀ ਵਾਨੂਅਤੂ ਨਾਗਰਿਕਤਾ ਰੱਦ ਕਰ ਦਿੱਤੀ ਜਾਵੇਗੀ। ਵਾਨੂਅਤੂ ਦੇ ਪ੍ਰਧਾਨ ਮੰਤਰੀ ਜੋਥਮ ਨਾਪਾਟਾ ਨੇ ਨਾਗਰਿਕਤਾ ਕਮਿਸ਼ਨ ਨੂੰ ਲਲਿਤ ਮੋਦੀ ਨੂੰ ਜਾਰੀ ਕੀਤਾ ਗਿਆ ਪਾਸਪੋਰਟ ਰੱਦ ਕਰਨ ਦਾ ਹੁਕਮ ਦਿੱਤਾ ਹੈ।
ਵਾਨੂਅਤੂ ਡੇਲੀ ਪੋਸਟ ਦੀ ਰਿਪੋਰਟ ਅਨੁਸਾਰ, ਇਹ ਫੈਸਲਾ ਉਨ੍ਹਾਂ ਰਿਪੋਰਟਾਂ ਦੇ ਆਧਾਰ 'ਤੇ ਲਿਆ ਗਿਆ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲਲਿਤ ਮੋਦੀ ਭਾਰਤ ਹਵਾਲਗੀ ਤੋਂ ਬਚਣ ਦੀ ਕੋਸਿ਼ਸ਼ ਕਰ ਰਿਹਾ ਸੀ। ਇਸ ਬਾਰੇ ਅੰਤਰਰਾਸ਼ਟਰੀ ਮੀਡੀਆ ਵਿੱਚ ਕਈ ਰਿਪੋਰਟਾਂ ਪ੍ਰਕਾਸਿ਼ਤ ਹੋਈਆਂ।
ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਟਰਪੋਲ ਨੇ ਦੋ ਵਾਰ ਲਲਿਤ ਮੋਦੀ ਵਿਰੁੱਧ ਅਲਰਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਉਸਦੀ ਪਾਸਪੋਰਟ ਅਰਜ਼ੀ ਰੱਦ ਨਹੀਂ ਹੋਈ। ਉਸਦੇ ਪਿਛੋਕੜ ਦੀ ਜਾਂਚ ਕਰਨ ਤੋਂ ਬਾਅਦ, ਉਸਨੂੰ ਕਿਸੇ ਵੀ ਅਪਰਾਧ ਦਾ ਦੋਸ਼ੀ ਨਹੀਂ ਪਾਇਆ ਗਿਆ।
ਵਾਨੂਆਤੂ ਦੀ ਨਾਗਰਿਕਤਾ ਲੈਣ ਤੋਂ ਬਾਅਦ, ਲਲਿਤ ਮੋਦੀ ਨੇ ਆਪਣਾ ਭਾਰਤੀ ਪਾਸਪੋਰਟ ਸਰੰਡਰ ਕਰਨ ਲਈ ਅਰਜ਼ੀ ਦਿੱਤੀ ਸੀ। ਵਿਦੇਸ਼ ਮੰਤਰਾਲੇ ਨੇ 7 ਮਾਰਚ ਨੂੰ ਕਿਹਾ ਸੀ ਕਿ ਲਲਿਤ ਨੇ ਆਪਣਾ ਪਾਸਪੋਰਟ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ।
ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਲਲਿਤ ਮੋਦੀ ਨੇ ਵਾਨੂਆਤੂ ਦੀ ਨਾਗਰਿਕਤਾ ਲੈ ਲਈ ਹੈ। ਅਸੀਂ ਕਾਨੂੰਨ ਅਨੁਸਾਰ ਉਨ੍ਹਾਂ ਵਿਰੁੱਧ ਕੇਸ ਨੂੰ ਅੱਗੇ ਵਧਾਉਂਦੇ ਰਹਾਂਗੇ।