-5 ਸਾਲ ਦਾ ਬੱਚਾ ਵੀ ਦੌੜਿਆ, 62 ਸਾਲ ਦੀ ਹਾਕੀ ਓਲੰਪੀਅਨ ਵੀ ਖੇਡੀ
ਸਿਡਨੀ, 22 ਅਪ੍ਰੈਲ (ਪੋਸਟ ਬਿਊਰੋ): ਸਿਡਨੀ ਵਿੱਚ ਦਿਨ ਐਤਵਾਰ ਦੇ ਮਾਹੌਲ ਵਿੱਚ ਹਰ ਪਾਸੇ ਗਹਿਮਾ ਗਹਿਮੀ ਸੀ, ਜਦੋਂ ਸਿੱਖਾਂ ਦੀਆਂ ਆਪਣੀਆਂ ਉਲੰਪਿਕ ਖੇਡਾਂ ਪੂਰੇ ਜਾਹੋ ਜਲਾਲ ਤੇ ਸਮਾਪਤੀ ਵੱਲ ਵੱਧ ਰਹੀਆਂ ਸਨ। ਆਖਿਰ ਸ਼ਾਮ ਨੂੰ ਸਿੱਖਾਂ ਦੀਆਂ ਉਲੰਪਿਕ ਖੇਡਾਂ ਅਗਲੇ ਵਰ੍ਹੇ ਮੈਲਬੌਰਨ ਵਿੱਚ ਮਿਲਣ ਦੇ ਵਾਅਦੇ ਨਾਲ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਿੱਖਾਂ ਦਾ ਖੇਡ ਮਹਾਕੁੰਭ ਸਮਾਪਤ ਹੋਇਆ ਅਤੇ ਸਿਡਨੀ ਵਾਲਿਆ ਪ੍ਰਬੰਧਕਾਂ ਨੇ ਮੈਲਬੌਰਨ ਦੀ ਪ੍ਰਬੰਧਕੀ ਕਮੇਟੀ ਨੂੰ ਫਲੈਗ ਦੇਕੇ ਅੱਗਲੇ ਵਰ੍ਹੇ ਦੀ ਮੇਜ਼ਬਾਨੀ ਸੋਂਪੀ।
ਹਾਕੀ ਵਿੱਚ ਸਿੱਖ ਯੂਨਾਈਟਡ ਕਲੱਬ ਮੈਲਬੌਰਨ ਵਾਲਿਆ ਦੀ ਝੰਡੀ ਰਹੀ। ਸੀਨੀਅਰ ਵਰਗ ਵਿੱਚ ਸਿੱਖ ਯੂਨਾਈਟਡ ਕਲੱਬ ਨੇ ਸਿਡਨੀ ਲੋਇੰਜ਼ ਕਲੱਬ ਨੂੰ 2-1 ਗੋਲਾਂ ਨਾਲ ਹਰਾਕੇ ਖਿਤਾਬੀ ਜਿੱਤ ਹਾਸਲ ਕੀਤੀ। ਜੂਨੀਅਰ ਵਰਗ ਵਿੱਚ ਵੀ ਸਿੱਖ ਯੂਨਾਈਟਡ ਕਲੱਬ ਮੈਲਬੌਰਨ ਨੇ ਸਿਡਨੀ ਲੋਇੰਸ ਨੂੰ 1-1 ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ ਵਿੱਚ 2-1 ਨਾਲ ਹਰਾਇਆ। ਸੀਨੀਅਰ ਵਰਗ ਵਿੱਚ ਸਿਡਨੀ ਦਾ ਕੀਰਤਿ ਸਿੰਘ ਹੀਰੋ ਆਫ ਦਾ ਟੂਰਨਾਮੈਂਟ, ਮੈਲਬੌਰਨ ਦਾ ਗੋਲਕੀਪਰ ਕਿਰਨਦੀਪ ਸਿੰਘ ਮੈਨ ਆਫ਼ ਦਾ ਮੈਚ ਬਣਿਆ। ਜੂਨੀਅਰ ਵਰਗ ਵਿੱਚ ਗੁਰਸਿਵਤੇਜ ਸਿੰਘ ਬਸਰਾ ਹੀਰੋ ਆਫ ਦਿ ਸਿੱਖ ਖੇਡਾਂ ਬਣਿਆਂ। ਕਬੱਡੀ ਵਿੱਚ ਵੇਸਟਰਨਸ ਖਾਲਸਾ ਕਲੱਬ ਸਿਡਨੀ ਚੜ੍ਹਤ ਰਹੀ। ਫਾਈਨਲ ਮੁਕਾਬਲੇ ਵਿੱਚ ਸਿਡਨੀ ਨੇ ਮੀਰੀ ਪੀਰੀ ਕਲੱਬ ਨੂੰ 48-25 ਅੰਕਾਂ ਨਾਲ ਹਰਾਇਆ। ਮਹੇਸ਼ੀ ਹਰਖੋਵਾਲ ਸਰਵੋਤਮ ਧਾਵੀ, ਜੱਗਾ ਚਿੱਟੀ ਵਧੀਆ ਜਾਫੀ ਚੁਣਿਆ ਗਿਆ। ਬਾਸਕਟਬਾਲ ਵਿੱਚ ਵੀ ਸਿਡਨੀ ਵਾਲਿਆ ਦਾ ਬੋਲਬਾਲਾ ਰਿਹਾ।
ਫੁੱਟਬਾਲ ਵਿਚ ਰਿਕਾਰਡ ਖ਼ਿਡਾਰੀ 3000 ਦੇ ਕਰੀਬ, 183 ਟੀਮਾਂ, ਬੇਹਿਸਾਬਾ ਇਕੱਠ ਇੰਝ ਲੱਗਦਾ ਸੀ ,ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਾ ਦੇ ਖਿਡਾਰੀ, ਖਿਡਾਰਨਾਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਚੈਂਪੀਅਨ ਵੀ ਬਣੇ ਅਤੇ ਹਾਰੇ ਵੀ ਅਤੇ ਪੂਰਾ ਮੇਲਾ ਫੁੱਟਬਾਲ ਵਾਲੇ ਲੁੱਟ ਕੇ ਲੈ ਗਏ। ਮਿਲਡੂਰਾ ਦੀ ਹਰਮਨ ਗਰੇਵਾਲ ਨੇ ਵੀ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦੀ ਹੀਰੋ ਬਣੀ ਰਹੀ। ਅਥਲੈਟਿਕਸ ਵਿੱਚ 1 ਹਜ਼ਾਰ ਦੇ ਕਰੀਬ ਅਥਲੀਟਾਂ ਨੇ ਹਿੱਸਾ ਲਿਆ। ਅਸਲੈਟਿਕਸ ਮੁਕਾਬਲਿਆ ਦਾ ਵੱਖਰਾ ਹੀ ਨਜ਼ਾਰਾ ਸੀ। ਸਿੱਖ ਖੇਡਾਂ ਦੀ ਖਾਸੀਅਤ ਇਹ ਸੀ ਇਥੇ ਇਕ 5 ਸਾਲ ਦਾ ਬੱਚਾ ਵੀ ਦੌੜਿਆ ਅਤੇ 62 ਸਾਲ ਦੀ ਹਾਕੀ ਓਲੰਪਿਅਨ ਹਰਪ੍ਰੀਤ ਕੌਰ ਸ਼ੇਰਗਿਲ ਮੈਚ ਖੇਡ ਰਹੀ ਸੀ।
ਸਿੱਖਾਂ ਦੀਆਂ ਓਲੰਪਿਕ ਖੇਡਾਂ ਵਿੱਚ ਹਾਕੀ ਦਾ ਲਹਿੰਦੇ ਅਤੇ ਚੜਦੇ ਪੰਜਾਬ ਦਾ ਵੀ ਮੈਚ ਹੋਇਆ। ਜਿਸ ਵਿੱਚ ਪਾਕਿਸਤਾਨ ਦੇ ਚਾਰ ਓਲੰਪੀਅਨ ਪੱਧਰ ਦੇ ਖਿਡਾਰੀ ਉਮਰ ਭੁੱਟਾ, ਅਬਦੁੱਲਾ ਬਾਬਰ ਅਤੇ ਪੰਜਾਬ ਪੁਲਿਸ ਦਾ ਆਪਣੇ ਸਮੇਂ ਦਾ ਨਾਮੀ ਖਿਡਾਰੀ ਹਰਿੰਦਰ ਸਿੰਘ ਡਿੰਪੀ ਹੁਣ ਦਾ ਮੌਜੂਦਾ ਐੱਸ ਪੀ ਵੀ ਖੇਡਿਆ। ਜਿਸ ਵਿੱਚ ਲਹਿੰਦਾ ਪੰਜਾਬ 5-2 ਨਾਲ ਜੇਤੂ ਰਿਹਾ । ਹਰ ਖੇਡ ਮੈਦਾਨ ਚ ਖਿਡਾਰੀਆਂ ਦਾ ,ਦਰਸ਼ਕਾਂ ਦਾ ਆਪਣਾ ਹੀ ਨਜ਼ਾਰਾ ਵਝਿਆ ਹੋਇਆ ਸੀ। ਹਰ ਕੋਈ ਸਿੱਖੀ ਦੇ ਮਾਣ ਲਈ, ਪੰਜਾਬੀਅਤ ਦੀ ਪਹਿਚਾਣ ਲਈ ਖੇਡ ਰਿਹਾ ਸੀ ਹਰ ਪਾਸੇ ਲੰਗਰ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਸੀ , ਗੱਡੀਆਂ ਲਈ ਪਰਕਿੰਗ ਬਾਕਮਾਲ ਸੀ।
ਹਾਕੀ ਦੇ ਵਿੱਚ ਜਿੱਥੇ ਵੱਡੀ ਜਿੰਮੇਵਾਰੀ ਨਵਤੇਜ ਸਿੰਘ ਤੇਜਾ ਹੋਰਾਂ ਦੇ ਸਿਰ ਤੇ ਸੀ, ਉੱਥੇ ਰਘਬੀਰ ਬੱਲ ਜਗਪ੍ਰੀਤ ਸਿੰਘ ਛੀਨਾ, ਰਾਜਨਦੀਪ ਬੱਲ, ਰਣਦੀਪ ਸਿੰਘ ਬੁਤਾਲਾ, ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਸਨ। 1980 ਮਾਸਕੋ ਓਲੰਪਿਕ ਦੇ ਗੋਲਡ ਮੈਡਲ ਜੇਤੂ ਸਟਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਹਰਿੰਦਰ ਸਿੰਘ ਡਿੰਪੀ , ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਮੁੱਖ ਮਹਿਮਾਨ ਵਜੋਂ ਹਾਕੀ ਮੈਚਾ ਦੌਰਾਨ ਆਪਣੀ ਭੂਮਿਕਾ ਨਿਭਾ ਰਹੇ ਸਨ। ਵਧੀਆ ਗੱਲ ਇਹ ਸੀ ਕਿ ਸਰਦਾਰ ਮਹਾਵੀਰ ਸਿੰਘ ਗਰੇਵਾਲ ਜੋ ਲੁਧਿਆਣਾ ਜਿਲਾ ਦੇ ਪਿੰਡ ਗੁਜਰਵਾਲ ਦੇ ਵਾਸੀ ਹਨ। ਜਿਨਾਂ ਨੇ ਆਸਟਰੇਲੀਆ ਵਿੱਚ ਸਾਲ 1986 ਵਿੱਚ ਸਿੱਖ ਖੇਡਾਂ ਦਾ ਜਾਗ ਲਾਇਆ ਉਹ ਵੀ ਬਜ਼ੁਰਗ ਅਵਸਥਾ ਵਿੱਚ ਹਾਕੀ ਮੈਚਾਂ ਦਾ ਆਨੰਦ ਲੈ ਰਹੇ ਸਨ ਉਹਨਾਂ ਨੂੰ ਪ੍ਰਬੰਧਕਾਂ ਵੱਲੋਂ ਵੱਡਾ ਮਾਣ ਸਤਿਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਬੜੇ ਨਵੇਂ ,ਪੁਰਾਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਦਰਸ਼ਨ ਹੋਏ ਜਿਨਾਂ ਨੂੰ ਮਿਲ ਕੇ ਮਨ ਬਾਗੋ ਬਾਗ ਹੋ ਗਿਆ।
ਕਬੱਡੀ ਮੈਚਾਂ ਵਿੱਚ ਜਿੱਥੇ ਕਬੱਡੀ ਕਮੈਂਟੇਟਰ ਰੁਪਿੰਦਰ ਸਿੰਘ ਜਲਾਲ ,ਮੱਖਣ ਸਿੰਘ ਹਕੀਮਪੁਰ ਆਪਣੇ ਬੋਲਾਂ ਨਾਲ ਕਬੱਡੀ ਮੈਚਾਂ ਨੂੰ ਖਿੱਚ ਦਾ ਕੇਂਦਰ ਬਣਾ ਰਹੇ ਸਨ । ਉਥੇ ਆਸਟਰੇਲੀਆ ਵੱਸਦਾ ਰਣਜੀਤ ਸਿੰਘ ਖੈੜਾ ਦੁਨੀਆਂ ਦੇ ਨਾਮੀ ਕਮੈਂਟੇਟਰ ਜਸਦੇਵ ਸਿੰਘ ਵਾਂਗ ਆਪਣੀ ਕਮੈਂਟਰੀ ਨਾਲ ਹਰ ਮੈਦਾਨ ਵਿੱਚ ਆਪਣਾ ਵੱਖਰਾ ਅੰਦਾਜ਼ ਪੇਸ਼ ਕਰਕੇ ਲੋਕਾਂ ਦੇ ਕਿਸੇ ਦਾ ਕੇਂਦਰ ਬਣਿਆ ਹੋਇਆ ਸੀ। ਬਾਈ ਸਵਰਨ ਟਹਿਣਾ, ਹਰਮਨ ਥਿੰਦ, ਪਰਮਵੀਰ ਬਾਠ ਆਏ ਤਾਂ ਆਸਟ੍ਰੇਲੀਆ ਸਿੱਖ ਖੇਡਾਂ ਦੀ ਪੱਤਰਕਾਰੀ ਕਰਨ ਸਨ ਪਰ ਉਹਨਾਂ ਨੂੰ ਲੋਕਾਂ ਵੱਲੋਂ ਸਤਿਕਾਰ ਫਿਲਮੀ ਹੀਰੋਆਂ ਵਾਂਗ ਮਿਲ ਰਿਹਾ ਸੀ। ਪੰਜਾਬੀ ਸੱਥ ਵਿੱਚ ਪੰਜਾਬ ਦੇ ਵਿਰਸੇ ਨਾਲ ਸੰਬੰਧਿਤ ਆਸਟਰੇਲੀਆ ਦੇ ਮੁੰਡੇ ਕੁੜੀਆਂ ਨੇ ਬੜੀਆਂ ਵਧੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ,ਉਹ ਵੀ ਲੋਕਾਂ ਲਈ ਖਿੱਚਦਾ ਕੇਂਦਰ ਰਹੀਆਂ । ਕੁੱਲ ਮਿਲਾ ਕੇ ਆਸਟਰੇਲੀਆ ਵੱਸਦਾ ਸਮੂਹ ਪੰਜਾਬੀ ਭਾਈਚਾਰਾ ਖਾਸ ਕਰਕੇ ਸਿਡਨੀ ਸਿੱਖ ਖੇਡਾਂ ਦੀ ਪ੍ਰਬੰਧ ਕਮੇਟੀ ਵਧਾਈ ਦਾ ਵਧਾਈ ਦੀ ਪਾਤਰ ਹੈ, ਜਿਨਾਂ ਨੇ ਇਹਨਾਂ ਵੱਡਾ ਖੇਡਾਂ ਦਾ ਮਹਾਂਕੁੰਭ ਜੋੜਿਆ ਫਿਰ ਸਫਲ ਕੀਤਾ ਅਤੇ ਇਤਿਹਾਸ ਦਾ ਪੰਨਾ ਰਚਿਆ ,ਜੋ ਅਗਲੇ ਵਰੇ ਹੋਣ ਵਾਲੀਆਂ ਮੈਲਬੌਰਨ ਸਿੱਖ ਉਲੰਪਿਕ ਖੇਡਾਂ ਲਈ ਇਕ ਪ੍ਰੇਰਨਾ ਸਰੋਤ ਬਣੇਗਾ। ਪਰਮਾਤਮਾ ਕਰੇ ਸਿੱਖ ਉਲੰਪਿਕ ਖੇਡਾਂ ਦੀ ਰੀਤ ਆਸਟਰੇਲੀਆ ਤੋਂ ਉੱਠ ਕੇ ਪੂਰੀ ਉਸ ਦੁਨੀਆ ਵਿਚ ਫੈਲੇ ਜਿੱਥੇ ਜਿੱਥੇ ਪੰਜਾਬੀ ਵੱਸਦੇ ਹਨ । ਮੇਰੀ ਤਾਂ ਰੱਬ ਅੱਗੇ ਇਹੋ ਦੁਆ ਹੈ। ਆਸਟਰੇਲੀਆ ਵੱਸਦੇ ਪੰਜਾਬੀਉ, ਰੱਬ ਤੁਹਾਨੂੰ ਦਿਨੇ ਦੁਗਣੀਆਂ ,ਰਾਤ ਚੌਗਣੀਆਂ ਤਰੱਕੀਆਂ ਬਖਸ਼ੇ।
ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ।