ਚੇਨੱਈ, 16 ਦਸੰਬਰ (ਪੋਸਟ ਬਿਊਰੋ): ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਭਾਰਤ ਪਰਤ ਆਏ ਹਨ। ਸੋਮਵਾਰ ਨੂੰ ਚੇਨੱਈ ਹਵਾਈ ਅੱਡੇ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। 18 ਸਾਲਾ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ 12 ਦਸੰਬਰ ਨੂੰ ਸਿੰਗਾਪੁਰ ਵਿੱਚ ਵਿਸ਼ਵ ਸ਼ਤਰੰਜ ਚੈਂਪੀਅਨਸਿ਼ਪ ਦਾ ਖਿਤਾਬ ਜਿੱਤਿਆ ਸੀ।
ਉਨ੍ਹਾਂ ਨੇ ਫਾਈਨਲ ਵਿੱਚ ਚੀਨ ਦੇ ਡਿਫੈਂਡਿੰਗ ਚੈਂਪੀਅਨ ਡਿੰਗ ਲਿਰੇਨ ਨੂੰ 7.5-6.5 ਨਾਲ ਹਰਾਇਆ। ਇਨੀ ਛੋਟੀ ਉਮਰ 'ਚ ਇਹ ਖਿਤਾਬ ਜਿੱਤਣ ਵਾਲੇ ਗੁਕੇਸ਼ ਦੁਨੀਆਂ ਦੇ ਪਹਿਲੇ ਖਿਡਾਰੀ ਹਨ। ਇਸ ਤੋਂ ਪਹਿਲਾਂ 1985 'ਚ ਰੂਸ ਦੇ ਗੈਰੀ ਕਾਸਪਾਰੋਵ ਨੇ 22 ਸਾਲ ਦੀ ਉਮਰ 'ਚ ਇਹ ਖਿਤਾਬ ਜਿੱਤਿਆ ਸੀ।
ਗੁਕੇਸ਼ ਨੇ 14ਵੀਂ ਗੇਮ ਵਿੱਚ ਚੀਨੀ ਖਿਡਾਰੀ ਨੂੰ ਹਰਾ ਕੇ ਖਿਤਾਬ ਜਿੱਤਿਆ। ਚੈਂਪੀਅਨਸਿ਼ਪ ਦਾ ਫਾਈਨਲ 25 ਨਵੰਬਰ ਨੂੰ ਸ਼ੁਰੂ ਹੋਇਆ ਸੀ, ਦੋਨਾਂ ਵਿਚਾਲੇ 11 ਦਸੰਬਰ ਤੱਕ 13 ਮੈਚ ਖੇਡੇ ਗਏ। ਇੱਥੇ ਸਕੋਰ 6.5-6.5 ਨਾਲ ਬਰਾਬਰ ਰਿਹਾ। ਗੁਕੇਸ਼ ਨੇ 14ਵੀਂ ਗੇਮ ਜਿੱਤ ਕੇ ਇਕ ਅੰਕ ਦੀ ਬੜ੍ਹਤ ਲੈ ਕੇ ਸਕੋਰ 7.5-6.5 ਕਰ ਦਿੱਤਾ।
ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ (ਐੱਫਆਈਡੀਈ) ਦੇ 138 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਏਸ਼ੀਆ ਦੇ ਦੋ ਖਿਡਾਰੀ ਵਿਸ਼ਵ ਚੈਂਪੀਅਨ ਦੇ ਖਿਤਾਬ ਲਈ ਇੱਕ ਦੂਜੇ ਦੇ ਆਹਮੋ-ਸਾਹਮਣੇ ਸਨ। ਖਿਡਾਰੀ ਨੂੰ ਕਲਾਸੀਕਲ ਗੇਮ ਵਿੱਚ ਇੱਕ ਜਿੱਤ ਲਈ 1.69 ਕਰੋੜ ਰੁਪਏ ਮਿਲੇ। ਭਾਵ, 3 ਮੈਚ ਜਿੱਤਣ 'ਤੇ, ਗੁਕੇਸ਼ ਨੂੰ 5.07 ਕਰੋੜ ਰੁਪਏ ਅਤੇ 2 ਮੈਚ ਜਿੱਤਣ 'ਤੇ, ਲੀਰੇਨ ਨੂੰ ਸਿੱਧੇ 3.38 ਕਰੋੜ ਰੁਪਏ ਮਿਲੇ। ਬਾਕੀ ਬਚੀ ਇਨਾਮੀ ਰਾਸ਼ੀ ਦੋਨਾਂ ਖਿਡਾਰੀਆਂ ਵਿੱਚ ਬਰਾਬਰ ਵੰਡੀ ਗਈ, ਯਾਨੀ ਗੁਕੇਸ਼ ਨੂੰ 11.45 ਕਰੋੜ ਰੁਪਏ ਦਾ ਇਨਾਮ ਅਤੇ ਲਿਰੇਨ ਨੂੰ 9.75 ਕਰੋੜ ਰੁਪਏ ਦਾ ਇਨਾਮ ਮਿਲਿਆ।