ਨਵੀਂ ਦਿੱਲੀ, 17 ਫਰਵਰੀ (ਪੋਸਟ ਬਿਊਰੋ): ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਚੈਂਪੀਅਨਜ਼ ਟਰਾਫੀ 2025 `ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਸਕਦੇ ਹਨ। ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਆਗਾਜ਼ 19 ਫਰਵਰੀ ਤੋਂ ਹੋ ਰਿਹਾ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਵਿਰੁੱਧ ਕਰੇਗਾ। ਭਾਰਤੀ ਟੀਮ ਇਸ ਟੂਰਨਾਮੈਂਟ `ਚ ਵਿਰਾਟ ਕੋਹਲੀ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗੀ, ਜਿਨ੍ਹਾਂ ਦਾ ਆਈਸੀਸੀ ਟੂਰਨਾਮੈਂਟਾਂ `ਚ ਬਿਹਤਰ ਰਿਕਾਰਡ ਹੈ।
ਚੈਂਪੀਅਨਜ਼ ਟਰਾਫੀ `ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਕ੍ਰਿਸ ਗੇਲ ਦੇ ਨਾਮ ਹੈ। ਉਨ੍ਹਾਂ ਨੇ ਇਸ ਟੂਰਨਾਮੈਂਟ `ਚ 17 ਮੈਚਾਂ `ਚ 52.73 ਦੀ ਔਸਤ ਅਤੇ 88.77 ਦੇ ਸਟ੍ਰਾਈਕ ਰੇਟ ਨਾਲ 791 ਦੌੜਾਂ ਬਣਾਈਆਂ ਹਨ ਜਿਸ `ਚ ਤਿੰਨ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਸ਼ਾਮਿਲ ਹੈ। ਵਿਰਾਟ ਕੋਹਲੀ ਗੇਲ ਦਾ ਇਹ ਰਿਕਾਰਡ ਤੋੜ ਸਕਦੇ ਹਨ।
ਇਸ ਭਾਰਤੀ ਬੱਲੇਬਾਜ਼ ਨੇ ਚੈਂਪੀਅਨਜ਼ ਟਰਾਫੀ ‘ਚ 13 ਮੈਚਾਂ ‘ਚ 88.16 ਦੀ ਔਸਤ ਅਤੇ 92.32 ਦੇ ਸਟ੍ਰਾਈਕ ਰੇਟ ਨਾਲ 529 ਦੌੜਾਂ ਬਣਾਈਆਂ ਹਨ, ਜਿਸ `ਚ ਪੰਜ ਅਰਧ ਸੈਂਕੜੇ ਸ਼ਾਮਿਲ ਹਨ। ਟੂਰਨਾਮੈਂਟ ‘ਚ ਕੋਹਲੀ ਦਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਨਾਬਾਦ 96 ਦੌੜਾਂ ਹੈ ਜੋ ਉਨ੍ਹਾਂ ਨੇ 2017 `ਚ ਬੰਗਲਾਦੇਸ਼ ਵਿਰੁੱਧ ਬਣਾਇਆ ਸੀ।
ਇਹ ਆਈਸੀਸੀ ਟੂਰਨਾਮੈਂਟ ਪਾਕਿਸਤਾਨ ਅਤੇ ਦੁਬਈ `ਚ ਕਰਵਾਇਆ ਜਾਵੇਗਾ। ਭਾਰਤ ਨੇ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਆਈਸੀਸੀ ਨੇ ਭਾਰਤ ਦੇ ਮੈਚ ਦੁਬਈ `ਚ ਕਰਵਾਉਣ ਦਾ ਫੈਸਲਾ ਕੀਤਾ। ਭਾਰਤ ਇਸ ਟੂਰਨਾਮੈਂਟ `ਚ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ਼ ਕਰੇਗਾ। 23 ਫਰਵਰੀ ਨੂੰ ਭਾਰਤ ਪਾਕਿਸਤਾਨ ਨਾਲ ਮੈਚ ਖੇਡੇਗਾ।