ਬੁਮਰਾਹ 8 ਵਿਕਟਾਂ ਨਾਲ ਪਲੇਅਰ ਆਫ ਦਿ ਮੈਚ ਬਣੇ
ਪਰਥ, 25 ਨਵੰਬਰ (ਪੋਸਟ ਬਿਊਰੋ): ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿੱਚ ਭਾਰਤ ਨੇ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਦਿੱਤਾ। ਟੀਮ ਨੇ 5 ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਮੈਚ ਐਡੀਲੇਡ 'ਚ 6 ਦਸੰਬਰ ਤੋਂ ਖੇਡਿਆ ਜਾਵੇਗਾ।
ਪਰਥ ਦੇ ਓਪਟਸ ਸਟੇਡੀਅਮ 'ਚ ਸੋਮਵਾਰ ਨੂੰ ਮੈਚ ਦੇ ਚੌਥੇ ਦਿਨ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ 'ਚ 238 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ 6 ਵਿਕਟਾਂ 'ਤੇ 487 ਦੌੜਾਂ 'ਤੇ ਐਲਾਨ ਦਿੱਤੀ ਸੀ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 150 ਦੌੜਾਂ ਬਣਾਈਆਂ ਸਨ। ਜਵਾਬ 'ਚ ਆਸਟ੍ਰੇਲੀਆ ਦੀ ਪਹਿਲੀ ਪਾਰੀ 104 ਦੌੜਾਂ 'ਤੇ ਹੀ ਸਿਮਟ ਗਈ।
ਪਰਥ ਦੇ ਓਪਟਸ ਸਟੇਡੀਅਮ 'ਚ ਆਸਟ੍ਰੇਲੀਆ ਦੀ ਇਹ ਪਹਿਲੀ ਹਾਰ ਹੈ। ਟੀਮ ਨੇ ਇਸ ਤੋਂ ਪਹਿਲਾਂ 4 ਮੈਚ ਖੇਡੇ ਸਨ ਅਤੇ ਸਾਰੇ ਜਿੱਤੇ ਸਨ। ਇਹ ਆਸਟ੍ਰੇਲੀਆ 'ਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟੈਸਟ ਜਿੱਤ ਹੈ। ਪਿਛਲੀ ਸਭ ਤੋਂ ਵੱਡੀ ਜਿੱਤ 222 ਦੌੜਾਂ ਦੀ ਸੀ, ਜਦੋਂ ਟੀਮ ਨੇ 1977 ਵਿੱਚ ਮੈਲਬੋਰਨ ਵਿੱਚ ਹਰਾਇਆ ਸੀ।
ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 3-3 ਵਿਕਟਾਂ ਲਈਆਂ। ਟ੍ਰੈਵਿਸ ਹੈੱਡ (89) ਨੇ ਅਰਧ ਸੈਂਕੜਾ ਲਗਾਇਆ। ਬੁਮਰਾਹ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਨ੍ਹਾਂ ਨੇ ਪਹਿਲੀ ਪਾਰੀ 'ਚ 5 ਵਿਕਟਾਂ ਲਈਆਂ ਸਨ।