ਨਵੀਂ ਦਿੱਲੀ, 18 ਦਸੰਬਰ (ਪੋਸਟ ਬਿਊਰੋ): ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਤਿੰਨੇ ਫਾਰਮੈਟਾਂ ਸਮੇਤ 287 ਮੈਚ ਖੇਡੇ ਅਤੇ 765 ਵਿਕਟਾਂ ਲਈਆਂ। ਅਸ਼ਵਿਨ ਭਾਰਤ ਦੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਤੋਂ ਅੱਗੇ ਸਿਰਫ ਅਨਿਲ ਕੁੰਬਲੇ ਹਨ, ਜਿਨ੍ਹਾਂ ਨੇ 953 ਵਿਕਟਾਂ ਲਈਆਂ ਹਨ।
38 ਸਾਲਾ ਅਸ਼ਵਿਨ ਨੇ ਗਾਬਾ ਟੈਸਟ ਖਤਮ ਹੁੰਦੇ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਹ ਕਪਤਾਨ ਰੋਹਿਤ ਸ਼ਰਮਾ ਨਾਲ ਪ੍ਰੈੱਸ ਕਾਨਫਰੰਸ 'ਚ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਦੇ ਕ੍ਰਿਕਟਰ ਵਜੋਂ ਅੱਜ ਮੇਰਾ ਆਖਰੀ ਦਿਨ ਸੀ। ਮੈਂ ਕਲੱਬ ਕ੍ਰਿਕਟ ਖੇਡਦਾ ਰਹਾਂਗਾ।
ਅਸ਼ਵਿਨ ਨੇ 2010 ਵਿੱਚ ਸ੍ਰੀਲੰਕਾ ਖਿਲਾਫ ਇੱਕ ਵੰਨਡੇ ਮੈਚ ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 106 ਮੈਚਾਂ 'ਚ 537 ਵਿਕਟਾਂ ਲਈਆਂ। ਉਨ੍ਹਾਂ ਨੇ 37 ਵਾਰ ਪੰਜ ਵਿਕਟਾਂ ਆਪਣੇ ਨਾਂ ਕੀਤੀਆਂ ਹਨ ਅਤੇ 8 ਵਾਰ ਮੈਚ ਵਿੱਚ 10 ਵਿਕਟਾਂ ਲਈਆਂ ਹਨ। ਅਸ਼ਵਿਨ ਨੇ 156 ਵੰਨਡੇ ਵਿਕਟ ਵੀ ਲਏ। ਅਸ਼ਵਿਨ ਨੇ ਟੀ-20 'ਚ 72 ਵਿਕਟਾਂ ਲਈਆਂ ਹਨ।
ਇੱਕ ਬੱਲੇਬਾਜ਼ ਦੇ ਰੂਪ ਵਿੱਚ, ਅਸ਼ਵਿਨ ਨੇ ਟੈਸਟ ਕ੍ਰਿਕਟ ਵਿੱਚ 3503 ਦੌੜਾਂ ਬਣਾਈਆਂ ਅਤੇ ਕੁੱਲ 6 ਟੈਸਟ ਸੈਂਕੜੇ ਲਗਾਏ। ਉਨ੍ਹਾਂ ਨੇ ਪ੍ਰਸਟ ਕਲਾਸ ਕ੍ਰਿਕਟ 'ਚ ਕੁੱਲ 8 ਸੈਂਕੜੇ ਲਗਾਏ ਹਨ।