ਸਿੰਗਾਪੁਰ, 22 ਅਪ੍ਰੈਲ (ਪੋਸਟ ਬਿਊਰੋ): ਸਿੰਗਾਪੁਰ ਦੀ ਇੱਕ ਅਦਾਲਤ ਵਿੱਚ ਮੰਗਲਵਾਰ ਨੂੰ ਇੱਕ ਭਾਰਤੀ ਨਾਗਰਿਕ ‘ਤੇ ਸਿੰਗਾਪੁਰ ਏਅਰਲਾਈਨ ਦੀ ਇੱਕ ਉਡਾਣ ਦੌਰਾਨ ਇੱਕ 28 ਸਾਲਾ ਕੈਬਿਨ ਕਰੂ ਮੈਂਬਰ ਨਾਲ ਛੇੜਛਾੜ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਸ਼ ਹੈ ਕਿ ਰਜਤ ਨਾਮੀ ਇਸ ਵਿਅਕਤੀ ਨੇ 28 ਫਰਵਰੀ ਨੂੰ ਸਵੇਰੇ 11.20 ਵਜੇ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਦੌਰਾਨ ਕਥਿਤ ਤੌਰ `ਤੇ ਸਟੂਅਰਡੈੱਸ (ਏਅਰ ਹੋਸਟੈੱਸ) ਨੂੰ ਪਿੱਛਿਓਂ ਫੜ੍ਹ ਲਿਆ ਅਤੇ ਆਪਣੇ ਨਾਲ ਟਾਇਲਟ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ।
ਜਹਾਜ਼ ਦੇ ਚਾਂਗੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚੈਨਲ ‘ਨਿਊਜ਼ ਏਸ਼ੀਆ’ ਦੀ ਰਿਪੋਰਟ ਦੇ ਅਨੁਸਾਰ, ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ ਇਹ ਘਟਨਾ ਆਸਟ੍ਰੇਲੀਆ ਤੋਂ ਸਿੰਗਾਪੁਰ ਆਈ ਉਡਾਣ ਦੌਰਾਨ ਵਾਪਰੀ ਸੀ।
ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਹੋਏ 20 ਸਾਲਾ ਰਜਤ ਨੇ ਕਿਹਾ ਕਿ ਉਹ ਦੋਸ਼ ਮੰਨਣ ਦਾ ਇਰਾਦਾ ਰੱਖਦਾ ਹੈ। ਜਾਣਕਾਰੀ ਅਨੁਸਾਰ, ਰਜਤ ਦੇ ਮਾਮਲੇ ਦੀ ਅਗਲੀ ਸੁਣਵਾਈ 14 ਮਈ ਨੂੰ ਹੋਵੇਗੀ। ਸਿੰਗਾਪੁਰ ਦੇ ਕਾਨੂੰਨ ਮੁਤਾਬਕ ਛੇੜਛਾੜ ਦੇ ਹਰੇਕ ਦੋਸ਼ ਲਈ ਅਪਰਾਧੀ ਨੂੰ ਤਿੰਨ ਸਾਲ ਤੱਕ ਦੀ ਕੈਦ, ਜੁਰਮਾਨਾ ਅਤੇ ਨਾਲ ਹੀ ਬੈਂਤ ਮਾਰਨ ਦੀ ਸਜ਼ਾ ਹੋ ਸਕਦੀ ਹੈ।