ਵੈਟੀਕਨ, 21 ਅਪ੍ਰੈਲ (ਪੋਸਟ ਬਿਊਰੋ): ਕੈਥੋਲਿਕ ਈਸਾਈ ਧਾਰਮਿਕ ਗੁਰੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਪੋਪ ਨੇ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 7:35 ਵਜੇ ਆਖਰੀ ਸਾਹ ਲਿਆ। ਪੋਪ ਫਰਾਂਸਿਸ ਇਤਿਹਾਸ ਦੇ ਪਹਿਲੇ ਲਾਤੀਨੀ ਅਮਰੀਕੀ ਪੋਪ ਸਨ।
ਪੋਪ ਦਾ ਅੰਤਿਮ ਸੰਸਕਾਰ ਅੱਜ ਰਾਤ 8:00 ਵਜੇ ਵੈਟੀਕਨ ਵਿਖੇ ਹੋਵੇਗਾ। ਕਾਰਡੀਨਲ ਕੇਵਿਨ ਜੋਸਫ਼ ਫੈਰਲ ਪੋਪ ਦੀ ਦੇਹ ਨੂੰ ਸੇਂਟ ਮਾਰਥਾ ਦੇ ਆਪਣੇ ਵੈਟੀਕਨ ਨਿਵਾਸ ਸਥਾਨ 'ਤੇ ਤਾਬੂਤ ਵਿੱਚ ਰੱਖਣਗੇ।
ਪੋਪ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਸਨੂੰ 14 ਫਰਵਰੀ ਨੂੰ ਰੋਮ ਦੇ ਜੇਮੇਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਨਮੂਨੀਆ ਅਤੇ ਅਨੀਮੀਆ ਦਾ ਵੀ ਇਲਾਜ ਕਰਵਾ ਰਹੇ ਸਨ। ਫੇਫੜਿਆਂ ਦੀ ਇਨਫੈਕਸ਼ਨ ਕਾਰਨ ਉਹ 5 ਹਫ਼ਤਿਆਂ ਲਈ ਹਸਪਤਾਲ ਵਿੱਚ ਭਰਤੀ ਸਨ।
ਇਲਾਜ ਦੌਰਾਨ, ਕੈਥੋਲਿਕ ਚਰਚ ਦੇ ਮੁੱਖ ਦਫਤਰ ਵੈਟੀਕਨ ਨੇ ਕਿਹਾ ਸੀ ਕਿ ਪੋਪ ਦੀ ਖੂਨ ਦੀ ਜਾਂਚ ਰਿਪੋਰਟ ਵਿੱਚ ਗੁਰਦੇ ਫੇਲ੍ਹ ਹੋਣ ਦੇ ਲੱਛਣ ਦਿਖਾਈ ਦਿੱਤੇ ਹਨ। ਹਾਲਾਂਕਿ, ਉਨ੍ਹਾਂ ਨੂੰ 14 ਮਾਰਚ ਨੂੰ ਛੁੱਟੀ ਦੇ ਦਿੱਤੀ ਗਈ।
ਪੋਪ ਫਰਾਂਸਿਸ 1,300 ਸਾਲਾਂ ਵਿੱਚ ਪੋਪ ਚੁਣੇ ਜਾਣ ਵਾਲੇ ਪਹਿਲੇ ਗੈਰ-ਯੂਰਪੀਅਨ ਸਨ। ਪੋਪ ਫਰਾਂਸਿਸ ਨੇ ਸਮਲਿੰਗੀ ਲੋਕਾਂ ਨੂੰ ਚਰਚ ਵਿੱਚ ਆਉਣ ਦੀ ਇਜਾਜ਼ਤ ਦੇਣਾ, ਸਮਲਿੰਗੀ ਜੋੜਿਆਂ ਨੂੰ ਆਸ਼ੀਰਵਾਦ ਦੇਣਾ ਅਤੇ ਦੁਬਾਰਾ ਵਿਆਹ ਕਰਨ ਲਈ ਧਾਰਮਿਕ ਪ੍ਰਵਾਨਗੀ ਦੇਣ ਵਰਗੇ ਵੱਡੇ ਫੈਸਲੇ ਲਏ।