ਕੀਵ, 17 ਅਪ੍ਰੈਲ (ਪੋਸਟ ਬਿਊਰੋ): ਯੂਕਰੇਨ ਨੇ ਰੂਸ ਵੱਲੋਂ ਲੜ ਰਹੇ ਚੀਨੀ ਸੈਨਿਕਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਪਿਛਲੇ 3 ਸਾਲਾਂ ਤੋਂ ਚੱਲ ਰਹੇ ਰੂਸ-ਯੂਕਰੇਨ ਯੁੱਧ ਵਿੱਚ ਇਹ ਪਹਿਲੀ ਵਾਰ ਹੋਇਆ ਹੈ।
ਯੂਕਰੇਨ ਨੇ ਪਿਛਲੇ ਹਫ਼ਤੇ ਜੰਗ ਵਿੱਚ ਲੜ ਰਹੇ ਦੋ ਚੀਨੀ ਨਾਗਰਿਕਾਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਸੀ। ਹਾਲਾਂਕਿ, ਚੀਨ ਨੇ ਯੁੱਧ ਵਿੱਚ ਆਪਣੇ ਨਾਗਰਿਕਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ।
ਇਸ ਤੋਂ ਬਾਅਦ ਯੂਕਰੇਨ ਨੇ ਇਨ੍ਹਾਂ ਜੰਗੀ ਕੈਦੀਆਂ ਨੂੰ ਮੀਡੀਆ ਸਾਹਮਣੇ ਪਰੇਡ ਕਰਵਾਉਣ ਦਾ ਫੈਸਲਾ ਕੀਤਾ। ਇਸ ਲਈ ਯੂਕਰੇਨ ਨੇ ਜੰਗੀ ਕੈਦੀ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ। ਜੰਗੀ ਕੈਦੀਆਂ ਦੀ ਪਛਾਣ ਦਾ ਖੁਲਾਸਾ ਕਰਨਾ ਅਤੇ ਉਨ੍ਹਾਂ ਨੂੰ ਕੈਮਰਿਆਂ ਅਤੇ ਪੱਤਰਕਾਰਾਂ ਸਾਹਮਣੇ ਪੇਸ਼ ਕਰਨਾ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ ਮੰਨਿਆ ਜਾਂਦਾ ਹੈ।
ਇਸ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਖੁਫੀਆ ਏਜੰਸੀ ਨੇ 155 ਚੀਨੀ ਨਾਗਰਿਕਾਂ ਦੀ ਪਛਾਣ ਕੀਤੀ ਹੈ ਜੋ ਰੂਸ ਵੱਲੋਂ ਲੜ ਰਹੇ ਸਨ। ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੇ ਪਛਾਣੇ ਗਏ ਲੋਕਾਂ ਦੇ ਨਾਮ ਅਤੇ ਪਾਸਪੋਰਟ ਵੇਰਵੇ ਹਨ।
ਜ਼ੇਲੈਂਸਕੀ ਅਨੁਸਾਰ, ਰੂਸ ਸੋਸ਼ਲ ਮੀਡੀਆ ਰਾਹੀਂ ਚੀਨੀ ਨਾਗਰਿਕਾਂ ਦੀ ਭਰਤੀ ਕਰ ਰਿਹਾ ਹੈ। ਚੀਨ ਵੀ ਇਸ ਗੱਲ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਇਹ ਪਤਾ ਲਗਾਉਣ ਦੀ ਕਸਿ਼ਸ਼ ਕਰ ਰਿਹਾ ਹੈ ਕਿ ਕੀ ਭਰਤੀ ਕਰਨ ਵਾਲਿਆਂ ਨੂੰ ਬੀਜਿੰਗ ਤੋਂ ਨਿਰਦੇਸ਼ ਮਿਲ ਰਹੇ ਸਨ।