ਨਵੀਂ ਦਿੱਲੀ, 17 ਅਪ੍ਰੈਲ (ਪੋਸਟ ਬਿਊਰੋ): ਸੀ.ਬੀ.ਆਈ. ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਛਾਪਾ ਮਾਰਿਆ। ਸੀਬੀਆਈ ਅਧਿਕਾਰੀਆਂ ਅਨੁਸਾਰ, ਇਹ ਕਾਰਵਾਈ ਵਿਦੇਸ਼ੀ ਫੰਡਿੰਗ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।
ਸੀ.ਬੀ.ਆਈ. ਨੇ ਬੁੱਧਵਾਰ ਨੂੰ 'ਆਪ' ਵਿਰੁੱਧ ਫਾਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਤਹਿਤ ਮਾਮਲਾ ਦਰਜ ਕੀਤਾ।
ਸੀ.ਬੀ.ਆਈ. ਦੀ ਐੱਫਆਈਆਰ ਅਨੁਸਾਰ, 155 ਵਿਦੇਸ਼ੀ ਨਾਗਰਿਕਾਂ ਨੇ 55 ਪਾਸਪੋਰਟ ਨੰਬਰਾਂ ਦੀ ਵਰਤੋਂ ਕਰਕੇ 404 ਵਾਰ ਪਾਰਟੀ ਨੂੰ ਕੁੱਲ 1.02 ਕਰੋੜ ਰੁਪਏ ਦਾਨ ਕੀਤੇ। ਕਈ ਦਾਨੀਆਂ ਨੇ ਇੱਕੋ ਪਾਸਪੋਰਟ ਨੰਬਰ ਦੀ ਵਰਤੋਂ ਕੀਤੀ, ਜਿਸ ਨਾਲ ਧੋਖਾਧੜੀ ਦਾ ਸ਼ੱਕ ਪੈਦਾ ਹੋਇਆ।
'ਆਪ' ਨੇ ਜਵਾਬ ਦਿੱਤਾ ਕਿ 201 ਵਿਦੇਸ਼ੀ ਨਾਗਰਿਕਾਂ ਨੇ ਪਾਰਟੀ ਨੂੰ ਦਾਨ ਦਿੱਤਾ। 51 ਈਮੇਲ ਆਈਡੀ ਰਾਹੀਂ 639 ਵਾਰ 2.65 ਕਰੋੜ ਦਾਨ ਕੀਤਾ। ਸਾਰੇ ਦਾਨ ਪਾਰਦਰਸ਼ੀ ਢੰਗ ਨਾਲ ਕੀਤੇ ਗਏ ਹਨ ਅਤੇ ਉਨ੍ਹਾਂ ਕੋਲ ਪੂਰਾ ਰਿਕਾਰਡ ਹੈ।
'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਗੁਜਰਾਤ ਚੋਣਾਂ 2027 ਦੀ ਜਿ਼ੰਮੇਵਾਰੀ ਮਿਲਦੇ ਹੀ ਦੁਰਗੇਸ਼ ਪਾਠਕ ਦੇ ਘਰ 'ਤੇ ਸੀਬੀਆਈ ਛਾਪਾ ਮਾਰਿਆ ਗਿਆ। ਇਹ ਕੋਈ ਇਤਫ਼ਾਕ ਨਹੀਂ ਹੈ, ਸਗੋਂ ਭਾਜਪਾ ਦੀ ਸਾਜਿ਼ਸ਼ ਹੈ। ਭਾਜਪਾ ਜਾਣਦੀ ਹੈ ਕਿ ਹੁਣ ਸਿਰਫ਼ 'ਆਪ' ਹੀ ਉਨ੍ਹਾਂ ਨੂੰ ਗੁਜਰਾਤ ਵਿੱਚ ਚੁਣੌਤੀ ਦੇ ਸਕਦੀ ਹੈ।