ਨਵੀਂ ਦਿੱਲੀ, 19 ਜਨਵਰੀ (ਪੋਸਟ ਬਿਊਰੋ): ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਹੋਏ ਪਹਿਲੇ ਖੋ-ਖੋ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ 78-40 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕਰ ਲਿਆ। ਇਸ ਮੁਕਾਬਲੇ 'ਚ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਤੇ ਚੇਜ਼ ਤੇ ਡਿਫੈਂਡ ਦੋਨਾਂ ਪਾਸੇ ਹੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।
ਭਾਰਤੀ ਖਿਡਾਰਨਾਂ ਨੇ ਪਹਿਲੇ ਟਰਨ ਦੇ ਅੰਤ ਵਿੱਚ 34-0 ਦੀ ਸ਼ੁਰੂਆਤੀ ਬੜ੍ਹਤ ਬਣਾ ਲਈ ਸੀ। ਇਸ ਮਗਰੋਂ ਨੇਪਾਲ ਨੇ ਹਮਲਾਵਰ ਖੇਡ ਅਪਣਾ ਕੇ ਇਸ ਵੱਡੇ ਫ਼ਰਕ ਨੂੰ ਘਟਾ ਦਿੱਤਾ ਅਤੇ ਦੂਜੇ ਟਰਨ ਦੇ ਅੰਤ ਵਿੱਚ ਸਕੋਰ 35-24 ਤੱਕ ਲੈ ਗਿਆ। ਮਹਿਮਾਨ ਟੀਮ ਦੀ ਕੁਝ ਉਮੀਦ ਬਾਕੀ ਸੀ, ਪਰ ਭਾਰਤੀ ਮਹਿਲਾਵਾਂ ਨੇ ਟਰਨ 3 ਵਿੱਚ 38 ਹੋਰ ਅੰਕ ਹਾਸਿਲ ਕਰਕੇ ਨੇਪਾਲ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਭਾਰਤੀ ਟੀਮ ਕੋਲ 49 ਅੰਕਾਂ ਦੀ ਵੱਡੀ ਬੜ੍ਹਤ ਸੀ, ਜਿਸ ਦਾ ਨੇਪਾਲ ਕੋਲ ਕੋਈ ਜਵਾਬ ਨਹੀਂ ਸੀ। ਆਖਰੀ ਟਰਨ 'ਚ ਭਾਰਤੀ ਡਿਫੈਂਡਰਾਂ ਦਾ ਨੇਪਾਲੀ ਖਿਡਾਰਨਾਂ ਕੋਲ ਕੋਈ ਜਵਾਬ ਨਹੀਂ ਸੀ ਤੇ ਉਹ ਸਿਰਫ਼ 16 ਅੰਕ ਹੀ ਹਾਸਿਲ ਕਰ ਸਕੀਆਂ। ਅੰਤ ਭਾਰਤੀ ਟੀਮ ਨੇ 78-40 ਦੇ ਸਕੋਰ ਨਾਲ ਨੇਪਾਲ ਨੂੰ ਹਰਾ ਕੇ ਟੂਰਨਾਮੈਂਟ ਜਿੱਤ ਲਿਆ ਤੇ ਖਿਤਾਬ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਮਹਿਲਾ ਟੀਮ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ ਤੇ ਉਨ੍ਹਾਂ ਦੇ ਇਸ ਧਮਾਕੇਦਾਰ ਪ੍ਰਦਰਸ਼ਨ ਦਾ ਵਿਰੋਧੀ ਟੀਮਾਂ ਕੋਲ ਕੋਈ ਜਵਾਬ ਨਹੀਂ ਸੀ।