ਦੁਬਈ, 4 ਮਾਰਚ (ਪੋਸਟ ਬਿਊਰੋ): ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ ਵਿੱਚ ਵਿਰਾਟ ਕੋਹਲੀ ਪਲੇਅਰ ਆਫ਼ ਦ ਮੈਚ ਬਣੇ, ਜਿਨ੍ਹਾਂ ਨੇ 84 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ।
ਮੰਗਲਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਸੈਮੀਫਾਈਨਲ ਵਿੱਚ ਕੋਹਲੀ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ 3 ਵੱਡੀਆਂ ਸਾਂਝੇਦਾਰੀਆਂ ਵੀ ਕੀਤੀਆਂ। ਉਨ੍ਹਾਂ ਨੇ ਸ਼੍ਰੇਅਸ ਅਈਅਰ ਨਾਲ 91, ਅਕਸ਼ਰ ਪਟੇਲ ਨਾਲ 44 ਅਤੇ ਕੇਐਲ ਰਾਹੁਲ ਨਾਲ 47 ਦੌੜਾਂ ਬਣਾਈਆਂ। ਇਨ੍ਹਾਂ ਸਾਂਝੇਦਾਰੀਆਂ ਨੇ ਦੌੜਾਂ ਦਾ ਪਿੱਛਾ ਕਰਨਾ ਆਸਾਨ ਬਣਾ ਦਿੱਤਾ। ਅੰਤ ਵਿੱਚ, ਹਾਰਦਿਕ ਪਾਂਡਿਆ ਨੇ ਤੇਜ਼ 28 ਦੌੜਾਂ ਬਣਾਈਆਂ ਅਤੇ ਕੇਐਲ ਰਾਹੁਲ ਨੇ ਛੱਕਾ ਮਾਰ ਕੇ ਮੈਚ ਜਿੱਤ ਲਿਆ। ਉਹ 42 ਦੌੜਾਂ ਬਣਾ ਕੇ ਅਜੇਤੂ ਵਾਪਿਸ ਪਰਤੇ।
ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 265 ਦੌੜਾਂ ਦਾ ਟੀਚਾ ਰੱਖਿਆ। ਆਸਟ੍ਰੇਲੀਆ ਲਈ ਕਪਤਾਨ ਸਟੀਵ ਸਮਿਥ ਨੇ 73 ਅਤੇ ਐਲੇਕਸ ਕੈਰੀ ਨੇ 61 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਨੂੰ ਆਲ ਆਊਟ ਕਰ ਦਿੱਤਾ। ਮੁਹੰਮਦ ਸ਼ਮੀ ਨੇ 3 ਵਿਕਟਾਂ, ਰਵਿੰਦਰ ਜਡੇਜਾ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਲਈਆਂ।