ਵਾਸਿ਼ੰਗਟਨ, 11 ਮਾਰਚ (ਪੋਸਟ ਬਿਊਰੋ): ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਸੁਦੀਕਸ਼ਾ ਕੋਨਾਂਕੀ ਪਿਛਲੇ ਵੀਰਵਾਰ ਨੂੰ ਡੋਮਿਨਿਕਨ ਰੀਪਬਲਿਕ ਦੇ ਕੈਰੇਬੀਅਨ ਟਾਪੂ ਤੋਂ ਲਾਪਤਾ ਹੋ ਗਈ ਸੀ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਉਸਦੀ ਮੌਤ ਡੁੱਬਣ ਕਾਰਨ ਹੋ ਗਈ ਹੈ। ਮੀਡੀਆ ਵਿਚ ਇਹ ਖਬਰਾਂ ਆ ਰਹੀਆਂ ਹਨ।
ਜਾਂਚ ਵਿੱਚ ਸ਼ਾਮਿਲ ਤਿੰਨ ਅਧਿਕਾਰੀਆਂ ਨੇ ਕਿਹਾ ਕਿ ਕੋਨਾਂਕੀ 5 ਮਾਰਚ ਨੂੰ ਆਪਣੇ ਛੇ ਦੋਸਤਾਂ ਨਾਲ ਸਮੁੰਦਰੀ ਕੰਢੇ 'ਤੇ ਸੈਰ ਕਰ ਰਹੀ ਸੀ ਅਤੇ ਹੋ ਸਕਦਾ ਹੈ ਕਿ ਰਾਤ ਨੂੰ ਸਮੁੰਦਰ ਵਿੱਚ ਤੈਰਾਕੀ ਕਰਨ ਗਈ ਹੋਵੇ ਅਤੇ ਡੁੱਬ ਗਈ ਹੋਵੇ। ਸੁਦੀਕਸ਼ਾ ਪਿਛਲੇ ਹਫ਼ਤੇ ਛੁੱਟੀਆਂ ਮਨਾਉਣ ਲਈ ਅਮਰੀਕਾ ਤੋਂ ਡੋਮਿਨਿਕਨ ਦੇ ਪੁੰਟਾ ਕਾਨਾ ਸ਼ਹਿਰ ਪਹੁੰਚੀ ਸੀ।
ਡੋਮਿਨਿਕਨ ਦੇ ਸਥਾਨਕ ਅਧਿਕਾਰੀਆਂ ਨੇ ਸੁਧੀਕਸ਼ਾ ਦੀ ਭਾਲ ਵਿੱਚ ਵੱਖ-ਵੱਖ ਥਾਵਾਂ 'ਤੇ ਪੋਸਟਰ ਵੀ ਲਗਾਏ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ 20 ਸਾਲਾ ਕੁੜੀ ਬੀਚ 'ਤੇ ਸੈਰ ਕਰਦੇ ਸਮੇਂ ਲਾਪਤਾ ਹੋ ਗਈ ਸੀ। ਉਸਦਾ ਕੱਦ 5 ਫੁੱਟ 3 ਇੰਚ ਹੈ।