ਇਸਲਾਮਾਬਾਦ, 4 ਫਰਵਰੀ (ਪੋਸਟ ਬਿਊਰੋ): ਪਾਕਿਸਤਾਨ ਕ੍ਰਿਕਟ ਬੋਰਡ ਨੇ ਹਿਨਾ ਮੁਨੱਵਰ ਨੂੰ ਪੁਰਸ਼ ਕ੍ਰਿਕਟ ਟੀਮ ਦੀ ਪਹਿਲੀ ਮਹਿਲਾ (ਆਪਰੇਸ਼ਨਜ਼) ਮੈਨੇਜਰ ਨਿਯੁਕਤ ਕੀਤਾ ਹੈ। ਉਹ ਅਗਾਮੀ ਤਿਕੋਣੀ ਲੜੀ ਤੇ ਚੈਂਪੀਅਨਜ਼ ਟਰਾਫੀ 2025, ਜੋ 19 ਫਰਵਰੀ ਤੋਂ ਕਰਾਚੀ ਵਿਚ ਸ਼ੁਰੂ ਹੋ ਰਹੀ ਹੈ, ਤੋਂ ਇਹ ਨਵੀਂ ਜਿ਼ੰਮੇਵਾਰੀ ਸੰਭਾਲਣਗੇ।
ਹਿਨਾ ਮੁਨੱਵਰ ਸੁਰੱਖਿਆ ਤੇ ਸੰਚਾਲਨ ਦੇ ਖੇਤਰ ਵਿਚ ਮਾਹਿਰ ਹੈ। ਉਨ੍ਹਾਂ ਨੇ ਸਵਾਤ ਖੇਤਰ ਵਿਚ ਫਰੰਟੀਅਰ ਕਾਂਸਟੇਬੁਲਰੀ (ਐੱਫਸੀ) ਵਿਚ ਸੇਵਾਵਾਂ ਦਿੱਤੀਆਂ ਹਨ, ਜੋ ਵੱਡੇ ਜੋਖ਼ਮ ਵਾਲਾ ਇਲਾਕਾ ਮੰਨਿਆ ਜਾਂਦਾ ਹੈ।
ਹਿਨਾ ਦੀ ਚੋਣ ਨੇ ਕ੍ਰਿਕਟ ਪ੍ਰੇਮੀਆਂ, ਮਾਹਿਰਾਂ ਤੇ ਮੀਡੀਆ ਵਿਚ ਉਤਸੁਕਤਾ ਪੈਦਾ ਕੀਤੀ ਹੈ। ਪੀਸੀਬੀ ਨਾਲ ਜੁੜੇ ਸੂਤਰ ਮੁਤਾਬਕ ਹਿਨਾ ਮੁਨੱਵਰ ਦੀ ਨਿਯੁਕਤੀ ਟੀਮ ਮੈਨੇਜਮੈਂਟ ਤੇ ਖਿਡਾਰੀਆਂ ਦਰਮਿਆਨ ਸੰਚਾਲਨ ਨੂੰ ਸੁਚਾਰੂ ਬਣਾਉਣ ਦੇ ਮੰਤਵ ਨਾਲ ਕੀਤੀ ਗਈ ਹੈ। ਉਸ ਨੇ ਰਣਨੀਤਕ ਤੇ ਅਗਵਾਈ ਜਿਹੀ ਭੂਮਿਕਾਵਾਂ ਵਿਚ ਕੰਮ ਕੀਤਾ ਹੈ, ਜਿਸ ਕਰਕੇ ਉਸ ਨੂੰ ਪ੍ਰਸ਼ਾਸਨਿਕ ਕਾਰਜਾਂ ਦਾ ਚੰਗਾ ਤਜਰਬਾ ਹੈ। ਉਂਝ ਸੀਨੀਅਰ ਸੇਵਾਮੁਕਤ ਨੌਕਰਸ਼ਾਹ ਨਵੀਦ ਅਕਬਰ ਚੀਮਾ ਟੀਮ ਮੈਨੇਜਰ ਵਜੋਂ ਭੂਮਿਕਾ ਨਿਭਾਉਂਦੇ ਰਹਿਣਗੇ।
ਪੀਸੀਬੀ ਦਾ ਮੰਨਣਾ ਹੈ ਕਿ ਹਿਨਾ ਮੁਨੱਵਰ ਦੀ ਨਿਯੁਕਤੀ ਟੀਮ ਪ੍ਰਬੰਧਨ ਵਿੱਚ ਇੱਕ ਸੰਗਠਿਤ ਅਤੇ ਪ੍ਰਭਾਵੀ ਮਾਹੌਲ ਪੈਦਾ ਕਰੇਗੀ ਅਤੇ ਪੁਰਸ਼ ਕ੍ਰਿਕਟ ਟੀਮ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ। ਉਨ੍ਹਾਂ ਦੀ ਨਿਯੁਕਤੀ ਰਵਾਇਤੀ ਕੋਚਿੰਗ-ਕੇਂਦਰਿਤ ਅਤੇ ਪੁਰਸ਼-ਪ੍ਰਧਾਨ ਟੀਮ ਸੈਟਅੱਪ ਲਈ ਇੱਕ ਨਵੀਂ ਪਹੁੰਚ ਦਾ ਸੰਕੇਤ ਹੈ।