ਵਾਸ਼ਿੰਗਟਨ, 2 ਫਰਵਰੀ (ਪੋਸਟ ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਚਿਤਾਵਨੀ ਦਿੱਤੀ ਹੈ ਕਿ ਜੇ ਬ੍ਰਿਕਸ ਦੇਸ਼ ਕੌਮਾਂਤਰੀ ਵਪਾਰ ਵਿੱਚ ਅਮਰੀਕੀ ਡਾਲਰ ਦੀ ਬਜਾਏ ਕਿਸੇ ਹੋਰ ਮੁਦਰਾ ਦੀ ਵਰਤੋਂ ਕਰਨ ਦੀ ਕੋਸਿ਼ਸ਼ ਕਰਨਗੇ ਤਾਂ ਉਹ ਉਨ੍ਹਾਂ ’ਤੇ 100 ਫ਼ੀਸਦ ਟੈਕਸ ਲਾ ਦੇਣਗੇ। ਟਰੰਪ ਨੇ ਕਿਹਾ ਕਿ ਬ੍ਰਿਕਸ ਦੇਸ਼ ‘ਕੋਈ ਹੋਰ ਮੂਰਖ ਦੇਸ਼’ ਲੱਭ ਲੈਣ।
ਅਮਰੀਕੀ ਰਾਸ਼ਟਰਪਤੀ ਨੇ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ’ਤੇ ਕਿਹਾ, ‘ਬ੍ਰਿਕਸ ਦੇਸ਼ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਨ ਅਤੇ ਅਸੀਂ ਖੜ੍ਹੇ ਹੋ ਕੇ ਬਸ ਦੇਖਦੇ ਰਹੀਏ, ਇਸ ਤਰ੍ਹਾਂ ਦੇ ਵਿਚਾਰਾਂ ਵਾਲੇ ਦਿਨ ਖ਼ਤਮ ਹੋ ਚੁੱਕੇ ਹਨ।’ ਉਨ੍ਹਾਂ ਕਿਹਾ ਕਿ ਉਹ ਬ੍ਰਿਕਸ ਦੇਸ਼ਾਂ ਤੋਂ ਇਹ ਵਚਨਬੱਧਤਾ ਚਾਹੁੰਦੇ ਹਨ ਕਿ ਨਾ ਤਾਂ ਉਹ ਨਵੀਂ ਬ੍ਰਿਕਸ ਮੁਦਰਾ ਬਣਾਉਣਗੇ ਅਤੇ ਨਾ ਹੀ ਅਮਰੀਕੀ ਡਾਲਰ ਤੋਂ ਇਲਾਵਾ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨਗੇ।
ਉਨ੍ਹਾਂ ਧਮਕੀ ਦਿੰਦਿਆਂ ਕਿਹਾ, ‘ਉਹ (ਬ੍ਰਿਕਸ ਦੇਸ਼) ਕੋਈ ਦੂਜਾ ਮੂਰਖ ਦੇਸ਼ ਲੱਭ ਸਕਦੇ ਹਨ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਬ੍ਰਿਕਸ ਕੌਮਾਂਤਰੀ ਵਪਾਰ ਜਾਂ ਹੋਰ ਕਿਤੇ ਅਮਰੀਕੀ ਡਾਲਰ ਦੀ ਥਾਂ ਲੈ ਲਵੇਗਾ। ਹਾਲਾਂਕਿ ਜਿਹੜਾ ਵੀ ਦੇਸ਼ ਅਜਿਹਾ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਟੈਕਸਾਂ ਦਾ ਸਵਾਗਤ ਅਤੇ ਅਮਰੀਕਾ ਨੂੰ ਅਲਵਿਦਾ ਕਹਿਣਾ ਪਵੇਗਾ।’ ਟਰੰਪ ਨੇ ਬ੍ਰਿਕਸ ਮੈਂਬਰ ਦੇਸ਼ਾਂ ਵੱਲੋਂ ਆਪਣੀ ਮੁਦਰਾ ਜਾਰੀ ਕਰਨ ਦੇ ਕਿਸੇ ਵੀ ਕਦਮ ਦੀ ਵਾਰ-ਵਾਰ ਨਿਖੇਧੀ ਕੀਤੀ ਹੈ ਅਤੇ ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਸਖ਼ਤ ਵਿਰੋਧ ਹੈ। ਦਸੰਬਰ ਵਿੱਚ ਵੀ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਅਜਿਹੇ ਕਦਮ ਖ਼ਿਲਾਫ਼ ਚਿਤਾਵਨੀ ਦਿੱਤੀ ਸੀ।