ਓਂਟਾਰੀਓ, 3 ਫਰਵਰੀ (ਪੋਸਟ ਬਿਊਰੋ): ਅਮਰੀਕਾ ਤੇ ਕੈਨੇਡਾ ਵਿਚ ਚੱਲ ਰਹੇ ਵਪਾਰ ਯੁੱਧ ਦੇ ਹਿੱਸੇ ਵਜੋਂ ਓਨਟਾਰੀਓ ਦੇ ਸ਼ਰਾਬ ਸਟੋਰਾਂ ਵਿੱਚ ਵੱਡੇ ਬਦਲਾਅ ਆ ਰਹੇ ਹਨ। ਲਿਕਰ ਬੋਰਡ ਆਫ ਓਨਟਾਰੀਓ (ਐੱਲ.ਸੀ.ਬੀ.ਓ.) ਨੇ ਪੁਸ਼ਟੀ ਕੀਤੀ ਹੈ ਕਿ ਉਹ ਮੰਗਲਵਾਰ ਤੋਂ ਆਪਣੀਆਂ ਸ਼ੈਲਫਾਂ ਤੋਂ ਸਾਰੀਆਂ ਅਮਰੀਕੀ ਸ਼ਰਾਬ ਹਟਾ ਦੇਵੇਗਾ। ਜਾਣਕਾਰੀ ਅਨੁਸਾਰ ਕਰਾਊਨ ਏਜੰਸੀ ਸਾਲਾਨਾ 965 ਮਿਲੀਅਨ ਡਾਲਰ ਤੱਕ ਦੀ ਅਮਰੀਕੀ ਸ਼ਰਾਬ ਵੇਚਦੀ ਹੈ, ਜਿਸ ਵਿੱਚ ਅਮਰੀਕਾ ਤੋਂ 3600 ਤੋਂ ਵੱਧ ਸ਼ਰਾਬ ਦੇ ਉਤਪਾਦ ਹਨ।
ਐੱਲ.ਸੀ.ਬੀ.ਓ. ਵਲੋਂ ਕਿਹਾ ਗਿਆ ਕਿ ਕੈਨੇਡੀਅਨ ਸਾਮਾਨ 'ਤੇ ਲਾਏ ਗਏ ਅਮਰੀਕੀ ਟੈਰਿਫਾਂ ਪ੍ਰਤੀ ਓਨਟਾਰੀਓ ਦੀ ਜਵਾਬੀ ਰਣਨੀਤੀ ਦੇ ਹਿੱਸੇ ਵਜੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਅਮਰੀਕੀ ਸ਼ਰਾਬ ਉਤਪਾਦਾਂ ਦੀ ਸਾਰੀ ਵਿਕਰੀ ਨੂੰ 4 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਬੰਦ ਕਰਨ ਅਤੇ ਰੈਸਟੋਰੈਂਟਾਂ, ਬਾਰਾਂ, ਕਰਿਆਨੇ ਅਤੇ ਹੋਰ ਪ੍ਰਚੂਨ ਵਿਕਰੇਤਾਵਾਂ ਨੂੰ ਅਮਰੀਕੀ ਉਤਪਾਦਾਂ ਦੀ ਥੋਕ ਵਿਕਰੀ ਬੰਦ ਕਰਨ ਲਈ ਕਿਹਾ ਗਿਆ ਹੈ। ਇਸ ਕਦਮ ਦਾ ਰੈਸਟੋਰੈਂਟਾਂ, ਬਾਰਾਂ ਅਤੇ ਬਰੂਅਰੀਜ਼ 'ਤੇ ਅਸਰ ਪਵੇਗਾ।
ਇਸ ਸਬੰਧੀ ਓਟਾਵਾ ਬਰੂਅਰੀ ਦੇ ਸਹਿ ਮਾਲਕ ਸ਼ੇਨ ਕਲਾਰਕ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਬੌਰਬਨ ਬਾਰੇ ਸਭ ਤੋਂ ਵੱਧ ਚਿੰਤਤ ਸਨ ਅਤੇ ਜਦੋਂ ਉਨ੍ਹਾਂ ਨੇ ਸਰਕਾਰ ਦੇ ਇਸ ਫ਼ੈਸਲੇ ਬਾਰੇ ਸੁਣਿਆ ਤਾਂ ਥੋੜ੍ਹਾ ਜਿਹਾ ਸਟਾਕ ਕਰ ਲਿਆ ਕਿਉਂਕਿ ਇਹ ਉਨ੍ਹਾਂ ਉਤਪਾਦਾਂ ਵਿੱਚੋਂ ਇੱਕ ਹੈ ਜੋ ਸਿਰਫ਼ ਅਮਰੀਕਾ ਵਿਚ ਹੀ ਬਣਦੇ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਕਦਮ ਦਾ ਮਤਲਬ ਹੈ ਕਿ ਹੋਰ ਲੋਕ ਸਥਾਨਕ ਉਤਪਾਦ ਦਾ ਸਮਰਥਨ ਕਰਨਗੇ।
ਇਸ ਦੌਰਾਨ, ਓਨਟਾਰੀਓ ਰੈਸਟੋਰੈਂਟ, ਹੋਟਲ ਅਤੇ ਮੋਟਲ ਐਸੋਸੀਏਸ਼ਨ ਨੇ ਅਮਰੀਕੀ ਸ਼ਰਾਬ ਨੂੰ ਹਟਾਉਣ ਲਈ ਆਪਣਾ ਪੂਰਾ ਸਮਰਥਨ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਅੰਦਰ ਬਹੁਤ ਸਾਰੇ ਵਿਕਲਪਕ ਉਤਪਾਦ ਉਪਲਬਧ ਹਨ, ਜਿਸ ਨਾਲ ਕਿ ਲੋਕਲ ਉਤਪਾਦ ਨੂੰ ਹੁਲਾਰਾ ਮਿਲੇਗਾ।