ਨਵੀਂ ਦਿੱਲੀ, 13 ਮਾਰਚ (ਪੋਸਟ ਬਿਊਰੋ): ਦੇਹਰਾਦੂਨ ਦੀ ਰਾਜਪੁਰ ਰੋਡ `ਤੇ ਬੁੱਧਵਾਰ ਰਾਤ ਤੇਜ਼ ਰਫ਼ਤਾਰ ਕਾਰ ਨੇ ਸੜਕ ਕੰਢੇ ਪੈਦਲ ਚੱਲ ਰਹੇ ਛੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਚਾਰ ਮਜ਼ਦੂਰਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਕਾਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰਸਡੀਜ਼ ਕਾਰ ਚੰਡੀਗੜ਼੍ਹ ਨੰਬਰ ਦੀ ਸੀ ਤੇ ਇਸ ਵਿਚ ਪੰਜ ਵਿਅਕਤੀ ਸਵਾਰ ਸਨ।
ਜਾਕਣਾਰੀ ਅਨੁਸਾਰ ਪੁਲਿਸ ਨੇ ਸਹਿਸਤਰਧਾਰਾ ਰੋਡ ਤੋਂ ਕਾਰ ਬਰਾਮਦ ਕਰ ਲਈ ਹੈ। ਦੇਹਰਾਦੂਨ ਪੁਲਿਸ ਨੇ ਕਾਰ ਚਾਲਕ ਦੀ ਪਛਾਣ ਕਰ ਲਈ ਹੈ ਤੇ ਪੁਲਿਸ ਦੀ ਇਕ ਟੀਮ ਚਾਲਕ ਦੇ ਚੰਡੀਗੜ੍ਹ ਵਿਚਲੇ ਘਰ ਪਹੁੰਚ ਗਈ ਹੈ।
ਹਾਦਸਾ ਬੁੱਧਵਾਰ ਰਾਤ ਨੂੰ ਕਰੀਬ ਸਾਢੇ ਅੱਠ ਵਜੇ ਸਾਈਂ ਮੰਦਰ ਕੋਲ ਉੱਤਰਾਂਚਲ ਹਸਪਤਾਲ ਦੇ ਸਾਹਮਣੇ ਹੋਇਆ। ਮਸੂਰੀ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਲੇ ਰੰਗ ਦੀ ਮਰਸਡੀਜ਼ ਕਾਰ ਬੇਕਾਬੂ ਹੋ ਕੇ ਫੁਟਪਾਥ ’ਤੇ ਚੜ੍ਹੀ ਤੇ ਮਜ਼ਦੂਰਾਂ ਨੂੰ ਪਿੱਛਿਓਂ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਕਈ ਫੁੱਟ ਦੂਰ ਜਾ ਡਿੱਗੇ। ਇਸ ਮਗਰੋਂ ਕਾਰ ਕੋਲ ਖੜ੍ਹੀ ਸਕੂਟੀ ਨਾਲ ਟਕਰਾਅ ਗਈ, ਜਿਸ ਨਾਲ ਸਕੂਟੀ ਸਵਾਰ ਦੋ ਵਿਅਕਤੀ ਵੀ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਫੌਰੀ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ, ਜਿੱਥੇ ਡਾਕਟਰਾਂ ਨੇ ਚਾਰ ਮਜ਼ਦੂਰਾਂ ਨੂੰ ਮ੍ਰਿਤ ਐਲਾਨ ਦਿੱਤਾ। ਦੋ ਜ਼ਖ਼ਮੀ ਜ਼ੇਰੇ ਇਲਾਜ ਹਨ।