ਪ੍ਰਯਾਗਰਾਜ, 12 ਮਾਰਚ (ਪੋਸਟ ਬਿਊਰੋ): ਇਲਾਹਾਬਾਦ ਹਾਈ ਕੋਰਟ ਨੇ ਸੰਭਲ ਦੀ ਜਾਮਾ ਮਸਜਿਦ ਵਿੱਚ ਪੇਂਟਿੰਗ ਦੇ ਕੰਮ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਮਸਜਿਦ ਕਮੇਟੀ ਸਿਰਫ਼ ਮਸਜਿਦ ਦੀਆਂ ਬਾਹਰੀ ਕੰਧਾਂ ਨੂੰ ਹੀ ਪੇਂਟ ਕਰ ਸਕਦੀ ਹੈ। ਰਮਜ਼ਾਨ ਦੌਰਾਨ ਮਸਜਿਦ ਵਿੱਚ ਰੌਸ਼ਨੀ ਵੀ ਕੀਤੀ ਜਾ ਸਕਦੀ ਹੈ, ਪਰ ਇਸ ਸਮੇਂ ਦੌਰਾਨ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।
ਜਸਟਿਸ ਰੋਹਿਤ ਰੰਜਨ ਅਗਰਵਾਲ ਦੀ ਸਿੰਗਲ ਬੈਂਚ ਨੇ ਬੁੱਧਵਾਰ ਨੂੰ ਇਹ ਹੁਕਮ ਸੁਣਾਇਆ। 25 ਫਰਵਰੀ ਨੂੰ ਜਾਮਾ ਮਸਜਿਦ ਕਮੇਟੀ ਦੇ ਵਕੀਲ ਜ਼ਾਹਿਦ ਅਸਗਰ ਨੇ ਮਸਜਿਦ ਨੂੰ ਪੇਂਟ ਕਰਨ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਹਰ ਸਾਲ ਅਸੀਂ ਰਮਜ਼ਾਨ ਤੋਂ ਪਹਿਲਾਂ ਮਸਜਿਦ ਨੂੰ ਰੰਗ ਕਰਦੇ ਹਾਂ, ਪਰ ਇਸ ਵਾਰ ਪ੍ਰਸ਼ਾਸਨ ਇਜਾਜ਼ਤ ਨਹੀਂ ਦੇ ਰਿਹਾ ਹੈ। ਹਿੰਦੂ ਪੱਖ ਪੇਂਟਿੰਗ ਦਾ ਵਿਰੋਧ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਪੇਂਟਿੰਗ ਤੇ ਰੰਗਾਈ ਨਾਲ ਮੰਦਰ ਦੇ ਸਬੂਤ ਮਿਟਾ ਦਿੱਤੇ ਜਾ ਸਕਦੇ ਹਨ, ਇਸ ਲਈ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਇਸ ਮਾਮਲੇ ਦੀ ਸੁਣਵਾਈ ਪਹਿਲੀ ਵਾਰ ਹਾਈਕੋਰਟ ਵਿੱਚ 27 ਫਰਵਰੀ ਨੂੰ ਹੋਈ। ਅਦਾਲਤ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਵਿੱਚ ਮਸਜਿਦ ਦੇ ਮੁਤੱਲਵੀ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਵੀ ਸ਼ਾਮਿਲ ਸਨ। ਅਦਾਲਤ ਨੇ ਕਮੇਟੀ ਨੂੰ ਮਸਜਿਦ ਦਾ ਨਿਰੀਖਣ ਕਰਨ ਅਤੇ 24 ਘੰਟਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ।
28 ਫਰਵਰੀ ਨੂੰ, ਤਿੰਨ ਮੈਂਬਰੀ ਟੀਮ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਪਹੁੰਚੀ। ਟੀਮ ਇੱਥੇ ਡੇਢ ਘੰਟਾ ਰੁਕੀ ਅਤੇ ਆਪਣੀ ਰਿਪੋਰਟ ਤਿਆਰ ਕੀਤੀ। ਇਸ ਦੌਰਾਨ ਮੁਸਲਿਮ ਪੱਖ ਦੇ ਵਕੀਲ ਜ਼ਫਰ ਅਲੀ ਵੀ ਮੌਜੂਦ ਸਨ।