ਸ੍ਰੀਨਗਰ, 12 ਮਾਰਚ (ਪੋਸਟ ਬਿਊਰੋ): ਜੰਮੂ ਦੇ ਰਾਜੌਰੀ ਜਿ਼ਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿੱਚ ਇੱਕ ਫੌਜ ਦਾ ਜਵਾਨ ਜ਼ਖਮੀ ਹੋ ਗਿਆ। ਸਿਪਾਹੀ ਦੀ ਪਛਾਣ ਮਾਨ ਕੁਮਾਰ ਬੇਗਾ ਵਜੋਂ ਹੋਈ ਹੈ। ਉਹ ਗੋਰਖਾ ਰੈਜੀਮੈਂਟ ਨਾਲ ਸਬੰਧਤ ਹੈ।
ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਰਹੱਦ ਪਾਰ ਤੋਂ ਇੱਕ ਸਨਾਈਪਰ ਹਮਲਾ ਹੋਇਆ ਹੈ। ਕੰਟਰੋਲ ਰੇਖਾ 'ਤੇ ਵੀ ਇੱਕ ਧਮਾਕਾ ਹੋਇਆ, ਜਿਸ ਤੋਂ ਬਾਅਦ ਤਿੰਨ ਦੌਰ ਦੀ ਗੋਲੀਬਾਰੀ ਹੋਈ। ਫਿਲਹਾਲ ਫੌਜ ਨੇ ਇਲਾਕੇ ਵਿੱਚ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪਿਛਲੇ 20 ਦਿਨਾਂ ਵਿੱਚ ਐੱਲਓਸੀ 'ਤੇ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਹੈ। ਦਰਅਸਲ, 21 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਕਾਰ ਇੱਕ ਫਲੈਗ ਮੀਟਿੰਗ ਹੋਈ। ਇਹ ਮੀਟਿੰਗ ਪੁੰਛ ਸੈਕਟਰ ਦੇ ਚਾਕਾ ਦਾ ਬਾਗ (ਐੱਲਓਸੀ ਟ੍ਰੇਡ ਸੈਂਟਰ) ਵਿਖੇ ਹੋਈ। ਜਿਸ ਵਿੱਚ ਦੋਨਾਂ ਫੌਜਾਂ ਦੇ ਬ੍ਰਿਗੇਡੀਅਰ ਰੈਂਕ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਇਹ ਪਿਛਲੇ ਚਾਰ ਸਾਲਾਂ ਵਿੱਚ ਦੋਨਾਂ ਦੇਸ਼ਾਂ ਵਿਚਕਾਰ ਪਹਿਲੀ ਅਜਿਹੀ ਮੁਲਾਕਾਤ ਸੀ। ਆਖਰੀ ਫਲੈਗ ਮੀਟਿੰਗ 2021 ਵਿੱਚ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਦੋਵੇਂ ਧਿਰਾਂ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਅਤੇ ਜੰਗਬੰਦੀ 'ਤੇ ਸਹਿਮਤ ਹੋਈਆਂ।