ਓਟਵਾ, 12 ਮਾਰਚ (ਪੋਸਟ ਬਿਊਰੋ): ਹਾਈਵੇ 417 ਉੱਤੇ ਓਵਰਪਾਸ ਨਾਲ ਟਰੱਕ ਦੀ ਟੱਕਰ ਤੋਂ ਦੇ ਮਾਮਲੇ ਵਿਚ ਟਰੱਕ ਚਾਲਕ ਉੱਤੇ ਕਈ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਓਂਟਾਰੀਓ ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਦੁਪਹਿਰ ਕਰੀਬ 12:30 ਵਜੇ ਇੱਕ ਡੰਪ ਟਰੱਕ, ਜੋ ਕਿ ਓਵਰਲੋਡ ਸੀ, ਪੂਰਬ ਵੱਲ ਜਾ ਰਿਹਾ ਸੀ, ਇਸ ਦੌਰਾਨ ਉਹ ਲੀਜ਼ ਐਵੇਨਿਊ ਓਵਰਪਾਸ ਨਾਲ ਟਕਰਾ ਗਿਆ। ਟਰੱਕ ਦਾ ਲੋਡ ਡਿੱਗ ਗਿਆ, ਜਿਸ ਵਿੱਚ ਲੱਕੜੀ ਦੇ ਬੋਰਡ ਸਮੇਤ ਮਿੱਟੀ ਅਤੇ ਹੋਰ ਮਲਬਾ ਸ਼ਾਮਿਲ ਸੀ। ਟ੍ਰਾਂਸਪੋਰਟ ਮੰਤਰਾਲੇ ਨੂੰ ਘਟਨਾ ਸਥਾਨ ਦੀ ਜਾਂਚ ਲਈ ਬੁਲਾਇਆ ਗਿਆ ਅਤੇ ਪਾਇਆ ਕਿ ਪੁਲ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਚਾਲਕ `ਤੇ ਅਣਸੁਰੱਖਿਅਤ ਲੋਡ, ਡਰਾਈਵਰ ਲਾਈਸੈਂਸ ਸਰੰਡਰ ਨਾ ਕਰਨ, ਲਾਪਰਵਾਹੀ ਨਾਲ ਗੱਡੀ ਚਲਾਉਣ, ਅਣਸੁਰੱਖਿਅਤ ਮੋਟਰ ਵਾਹਨ ਅਤੇ ਬੀਮਾ ਕਾਰਡ ਸਰੰਡਰ ਨਾ ਕਰਨ ਸਮੇਤ ਕਈ ਉਲੰਘੜਾਵਾਂ ਦਾ ਦੋਸ਼ ਲਾਏ ਗਏ ਹਨ। ਚਾਲਕ ਨੂੰ ਪਾਰਟ 3 ਸੰਮਨ ਵੀ ਜਾਰੀ ਕੀਤਾ ਗਿਆ ਅਤੇ ਉਸਨੂੰ ਦਿੱਤੀ ਤਰੀਕ ‘ਤੇ ਅਦਾਲਤ ‘ਚ ਮੌਜੂਦ ਹੋਣਾ ਹੋਵੇਗਾ।
ਓਪੀਪੀ ਨੇ ਸੋਸ਼ਲ ਮੀਡਿਆ ਉੱਤੇ ਦੱਸਿਆ ਕਿ ਦੋ ਹੋਰ ਡਰਾਇਵਰਾਂ ‘ਤੇ ਘਟਨਾਸਥਾਨ ‘ਤੇ ਲੰਘਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ਦੇ ਵੀ ਦੋਸ਼ ਲੱਗੇ ਹਨ। ਦੋਵਾਂ ‘ਤੇ 615 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ।