-ਫੋਰਡ ਨੇ ਕਿਹਾ, ਵਪਾਰ ਯੁੱਧ ਨਾ ਰੁਕਿਆ ਤਾਂ ਬਿਜਲੀ ਨਿਰਯਾਤ ਪੂਰੀ ਤਰ੍ਹਾਂ ਬੰਦ ਕਰਨ ਤੋਂ ਨਹੀਂ ਝਿਜਕਾਂਗੇ
ਟੋਰਾਂਟੋ, 11 ਮਾਰਚ (ਪੋਸਟ ਬਿਊਰੋ): ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਕੀਤੀ ਜਾਣ ਵਾਲੀ ਸਾਰੇ ਓਂਟਾਰੀਓ ਦੀ ਬਿਜਲੀ ਉੱਤੇ 25 ਫ਼ੀਸਦੀ ਦਾ ਨਿਰਯਾਤ ਕਰ ਹੁਣ ਲਾਗੂ ਹੋ ਗਿਆ ਹੈ ਅਤੇ ਪ੍ਰੀਮਿਅਰ ਡੱਗ ਫੋਰਡ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਪਾਰ ਯੁੱਧ ਜਾਰੀ ਰਹਿੰਦਾ ਹੈ ਤਾਂ ਉਹ ਫੀਸ ਵਧਾਉਣ ਜਾਂ ਇਨਰਜੀ ਨਿਰਯਾਤ ਨੂੰ ਪੂਰੀ ਤਰ੍ਹਾਂ ਬੰਦ ਕਰਨ ‘ਚ ਵੀ ਨਹੀਂ ਝਿਜਣਗੇ। ਇਹ ਕਰ ਕੈਨੇਡਾ ਅਤੇ ਮੈਕਸੀਕਨ ਵਸਤਾਂ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਦੇ ਜਵਾਬ ਵਿੱਚ ਓਂਟਾਰੀਓ ਸਰਕਾਰ ਵੱਲੋਂ ਚੁੱਕੇ ਜਾ ਰਹੇ ਜਵਾਬੀ ਉਪਰਾਲੀਆਂ ਵਿੱਚੋਂ ਇੱਕ ਹੈ। ਸੋਮਵਾਰ ਪੁਸ਼ਟੀ ਕੀਤੀ ਗਈ ਕਿ ਨਵੇਂ ਬਾਜ਼ਾਰ ਨਿਯਮ ਹੁਣ ਲਾਗੂ ਹੋ ਗਏ ਹਨ, ਜਿਸ ਤਹਿਤ ਅਮਰੀਕਾ ਨੂੰ ਬਿਜਲੀ ਵੇਚਣ ਵਾਲੇ ਕਿਸੇ ਵੀ ਜਨਰੇਟਰ ਨੂੰ ਬਿਜਲੀ ਦੀ ਲਾਗਤ ਵਿੱਚ 25 ਫ਼ੀਸਦੀ ਕਰ ਜੋੜਨਾ ਹੋਵੇਗਾ, ਜਿਸਦੀ ਕੀਮਤ 10 ਡਾਲਰ ਪ੍ਰਤੀ ਮੇਗਾਵਾਟ-ਘੰਟਾ ਹੋਵੇਗੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਉਪਾਅ ਨਾਲ ਰੋਜ਼ਾਨਾ 3 ਲੱਖ ਤੋਂ 4 ਲੱਖ ਡਾਲਰ ਦਾ ਮਾਲੀਆ ਮਿਲਣ ਦੀ ਸੰਭਾਵਨਾ ਹੈ ਅਤੇ ਤਿੰਨ ਰਾਜਾਂ ਵਿੱਚ ਅਮਰੀਕੀਆਂ ਵੱਲੋਂ ਭੁਗਤਾਨ ਕੀਤੇ ਜਾ ਰਹੇ ਕੁੱਝ ਬਿੱਲਾਂ `ਚ ਪ੍ਰਤੀ ਮਹੀਨਾ ਲਗਭਗ 100 ਕੈਨੇਡੀਅਨ ਡਾਲਰ ਦਾ ਵਾਧਾ ਹੋਵੇਗਾ। ਓਂਟਾਰੀਓ ਵਰਤਮਾਨ ‘ਚ ਨਿਊਯਾਰਕ, ਮਿਸ਼ੀਗਨ ਅਤੇ ਮਿਨੇਸੋਟਾ ਵਿੱਚ ਲੱਗਭੱਗ 1.5 ਮਿਲੀਅਨ ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਦੀ ਸਪਲਾਈ ਕਰਦਾ ਹੈ। ਜਦੋਂ ਤੱਕ ਇਹ ਟੈਰਿਫ ਖ਼ਤਮ ਨਹੀਂ ਹੋ ਜਾਂਦੇ, ਓਂਟਾਰੀਓ ਪਿੱਛੇ ਨਹੀਂ ਹਟੇਗਾ। ਕੁੱਝ ਟੈਰਿਫ ਰੋਕਣਾ ਅਤੇ ਅੰਤਮ ਸਮੇਂ ਵਿੱਚ ਛੁੱਟ ਦੇਣਾ ਇਸ ਨੂੰ ਘੱਟ ਨਹੀਂ ਕਰੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਆਜ਼ਾਦ ਬਿਜਲਈ ਪ੍ਰਣਾਲੀ ਸੰਚਾਲਕ ( ਆਈ.ਈ.ਐੱਸ.ਓ. ) ‘ਤੇ ਲਾਗੂ ਹੋਣ ਵਾਲੇ ਬਾਜ਼ਾਰ ਨਿਯਮਾਂ ਵਿੱਚ ਤੱਤਕਾਲ ਸੋਧ ਦੇ ਮਾਧਿਅਮ ਨਾਲ ਨਵੇਂ ਕਰ ਨੂੰ ਲਾਗੂ ਕਰ ਰਹੀ ਹੈ। ਇਹ ਕਰ 25 ਫ਼ੀਸਦੀ ਤੱਕ ਸੀਮਿਤ ਨਹੀਂ, ਇਸਨੂੰ ਬਿਨਾਂ ਕਿਸੇ ਸੂਚਨਾ ਦੇ ਵਧਾਇਆ ਵੀ ਜਾ ਸਕਦਾ ਹੈ।
ਫੋਰਡ ਨੇ ਕਿਹਾ ਕਿ ਜੇਕਰ ਟਰੰਪ ਸਾਡੇ ਪ੍ਰਾਂਤ ਅਤੇ ਦੇਸ਼ ਉੱਤੇ ਹਮਲਾ ਕਰਨਾ ਜਾਰੀ ਰੱਖਦੇ ਹਨ, ਨੌਕਰੀਆਂ ਅਤੇ ਪਰਿਵਾਰਾਂ ਦੀ ਤਨਖ਼ਾਹ ਖੋਂਹਦੇ ਹਨ, ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਖੋਂਹਦੇ ਹਨ, ਤਾਂ ਉਹ ਰਾਸ਼ਟਰਪਤੀ ਟਰੰਪ ਦੇ ਦਰਦ ਨੂੰ ਵੱਧ ਕਰਨ ਲਈ ਜੋ ਵੀ ਕਰਨਾ ਹੋਵੇਗਾ, ਕਰਨਗੇ।