ਓਟਵਾ, 9 ਮਾਰਚ (ਪੋਸਟ ਬਿਊਰੋ): ਮਾਰਕ ਕਾਰਨੀ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਹ ਜਸਟਿਨ ਟਰੂਡੋ ਦੀ ਥਾਂ ਲੈਣਗੇ। ਲਿਬਰਲ ਪਾਰਟੀ ਨੇ ਐਤਵਾਰ ਦੇਰ ਰਾਤ ਉਨ੍ਹਾਂ ਨੂੰ ਆਪਣਾ ਨੇਤਾ ਚੁਣਿਆ। ਕਾਰਨੀ ਨੂੰ 85.9% ਵੋਟਾਂ ਮਿਲੀਆਂ।
ਕਾਰਨੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਸਾਬਕਾ ਸਰਕਾਰੀ ਹਾਊਸ ਲੀਡਰ ਕਰੀਨਾ ਗੋਲਡ ਅਤੇ ਸਾਬਕਾ ਸੰਸਦ ਮੈਂਬਰ ਫਰੈਂਕ ਬੇਲਿਸ ਨੂੰ ਹਰਾਇਆ। ਉਹ ਪਹਿਲੇ ਕੈਨੇਡੀਅਨ ਪ੍ਰਧਾਨ ਮੰਤਰੀ ਹੋਣਗੇ ਜਿਨ੍ਹਾਂ ਨੂੰ ਕੋਈ ਵਿਧਾਨਕ ਜਾਂ ਕੈਬਨਿਟ ਤਜ਼ਰਬਾ ਨਹੀਂ ਹੋਵੇਗਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਅਤੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਗਲਤ ਨਾ ਸਮਝੋ, ਪਿਛਲੇ 10 ਸਾਲਾਂ ਵਿੱਚ ਅਸੀਂ ਜੋ ਕੀਤਾ ਹੈ ਉਸ 'ਤੇ ਮੈਨੂੰੂ ਬਹੁਤ ਮਾਣ ਹੈ, ਪਰ ਅੱਜ ਰਾਤ ਇੱਕ ਪਾਰਟੀ ਦੇ ਰੂਪ ਵਿੱਚ, ਇੱਕ ਦੇਸ਼ ਦੇ ਰੂਪ ਵਿੱਚ ਸਾਡੇ ਭਵਿੱਖ ਬਾਰੇ ਹੈ।
ਟਰੂਡੋ ਨੇ ਸਮਰਥਕਾਂ ਨੂੰ ਸਰਗਰਮ ਰਹਿਣ ਦੀ ਅਪੀਲ ਕੀਤੀ। ਤੁਹਾਡੇ ਦੇਸ਼ ਨੂੰ ਤੁਹਾਡੀ ਪਹਿਲਾਂ ਨਾਲੋਂ ਵੀ ਵੱਧ ਲੋੜ ਹੈ। ਲੋਕਤੰਤਰ ਅਤੇ ਆਜ਼ਾਦੀ ਲਈ ਨਿਰੰਤਰ ਯਤਨਾਂ ਦੀ ਲੋੜ ਹੁੰਦੀ ਹੈ। ਇਸ ਲਈ ਹਿੰਮਤ, ਕੁਰਬਾਨੀ, ਉਮੀਦ ਅਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ।
ਟਰੂਡੋ ਨੇ ਕਿਹਾ ਕਿ ਸਾਨੂੰ ਪਿਛਲੇ 10 ਸਾਲਾਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਸਾਰੀਆਂ ਮਹਾਨ ਚੀਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ, ਸਾਨੂੰ ਅਗਲੇ 10 ਸਾਲਾਂ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਹੋਰ ਵੀ ਪ੍ਰਾਪਤੀ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ।