-ਪ੍ਰਧਾਨ ਮੰਤਰੀ ਟਰੂਡੋ ਨਾਲ ਕੀਤੀ ਮੁਲਾਕਾਤ ਦੌਰਾਨ ਬਦਲਾਵ ਦਾ ਕੀਤਾ ਵਾਅਦਾ
ਓਟਾਵਾ, 11 ਮਾਰਚ (ਪੋਸਟ ਬਿਊਰੋ): ਲਿਬਰਲ ਨੇਤਾ ਮਾਰਕ ਕਾਰਨੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਨਿਰਵਿਘਨ ਅਤੇ ਜਲਦੀ ਬਦਲਾਵ ਦਾ ਵਾਅਦਾ ਕਰ ਰਹੇ ਹਨ ਪਰ ਉਨ੍ਹਾਂ ਹਾਲੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਹ ਰਸਮੀ ਰੂਪ ਨਾਲ ਸੱਤਾ ਸੰਭਾਲਣਗੇ। ਕਾਰਨੀ ਨੇ ਪਾਰਲੀਮੈਂਟ ਹਿੱਲ `ਤੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਜਲਦੀ ਹੋਵੇਗਾ। ਅਸੀਂ ਛੇਤੀ ਹੀ ਤੁਹਾਡੇ ਕੋਲ ਵਾਪਿਸ ਆਵਾਂਗੇ। ਚੰਗੀ ਖ਼ਬਰ ਇਹ ਹੈ ਕਿ ਤੁਸੀਂ ਮੈਨੂੰ ਸ਼ਾਇਦ ਜਿੰਨਾ ਚਾਹੁੰਦੇ ਹੋ, ਉਸ ਤੋਂ ਵੀ ਕਿਤੇ ਜਿ਼ਆਦਾ ਕਰਕੇ ਦਿਖਾਵਾਂਗਾ। ਉਨ੍ਹਾਂ ਵਾਅਦਾ ਕੀਤਾ ਕਿ ਉਹ ਛੇਤੀ ਹੀ ਅਗਲੇ ਕਦਮਾਂ ਦਾ ਐਲਾਨ ਕਰਨਗੇ। ਜਦੋਂ ਕਿ ਕਾਰਨੀ ਹੁਣ ਰਸਮੀਂ ਰੂਪ ਨਾਲ ਕੈਨੇਡਾ ਦੀ ਲਿਬਰਲ ਪਾਰਟੀ ਦੇ ਨੇਤਾ ਹਨ, ਉਹ ਹਾਲੇ ਤੱਕ ਪ੍ਰਧਾਨ ਮੰਤਰੀ ਨਹੀਂ ਬਣੇ ਹਨ ਹਾਲਾਂਕਿ ਬਦਲਾਅ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਚੱਲ ਰਹੀ ਹੈ।
ਕਾਰਨੀ ਨੇ ਬੀਤੇ ਦਿਨ ਕਿਹਾ ਕਿ ਉਨ੍ਹਾਂ ਨੂੰ ਲਿਬਰਲ ਪਾਰਟੀ ਵਲੋਂ ਮਿਲੇ ਫ਼ਤਵੇ ਨਾਲ ਮਾਣ ਮਹਿਸੂਸ ਹੋ ਰਿਹਾ ਹੈ। ਕਾਰਨੀ ਨੇ ਐਤਵਾਰ ਨੂੰ ਲਗਭਗ 86 ਫ਼ੀਸਦੀ ਵੋਟ ਹਾਸਿਲ ਕੀਤੇ, ਸਾਰੇ 343 ਨਾਮਜ਼ਦ ਖੇਤਰਾਂ ਵਿੱਚ ਤਿੰਨ ਹੋਰ ਉਮੀਦਵਾਰਾਂ ਨੂੰ ਆਸਾਨੀ ਨਾਲ ਹਰਾਇਆ। ਜਿੱਤ ਤੋਂ ਇੱਕ ਦਿਨ ਬਾਅਦ ਕਾਰਨੀ ਨੇ ਲਿਬਰਲ ਕਾਕਸ ਨਾਲ ਵੀ ਮੁਲਾਕਾਤ ਕੀਤੀ।