ਵੈਨਕੁਵਰ, 9 ਮਾਰਚ (ਪੋਸਟ ਬਿਊਰੋ) : ਡੈਲਟਾ, ਬੀ.ਸੀ. ਵਿੱਚ ਸ਼ੁੱਕਰਵਾਰ ਦੁਪਹਿਰ ਇਕ ਛੁਰੇਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ। ਲੜਾਈ ਤੋਂ ਬਾਅਦ ਇੱਕ 37 ਸਾਲਾ ਵਿਅਕਤੀ ਅਤੇ ਇੱਕ 34 ਸਾਲਾ ਔਰਤ ਨੂੰ ਚਾਕੂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਡੈਲਟਾ ਪੁਲਿਸ ਵਿਭਾਗ ਨੇ ਸ਼ਨੀਵਾਰ ਸਵੇਰੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਾਮ 4 ਵਜੇ ਦੇ ਆਸਪਾਸ 81ਏ ਐਵੇਨਿਊ ਦੇ 11500 ਬਲਾਕ ਵਿੱਚ ਸੜਕ ‘ਤੇ ਖ਼ੂਨ ਨਾਲ ਲਥਪਥ ਇੱਕ ਔਰਤ ਦੀ ਸੂਚਨਾ ਉੱਤੇ ਪੁਲਿਸ ਨੂੰ ਬੁਲਾਇਆ ਗਿਆ। ਜ਼ਖ਼ਮੀ ਇਕ ਘਰ ਦੇ ਬੇਸਮੈਂਟ ਸੁਇਟ ਵਿੱਚ ਸਨ। ਬਿਆਨ ਵਿੱਚ ਕਿਹਾ ਗਿਆ ਕਿ ਔਰਤ ਦੀ ਹਾਲਤ ਸਥਿਰ ਹੈ , ਜਦੋਂ ਕਿ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਪੁਲਿਸ ਹਿਰਾਸਤ ਵਿੱਚ ਹੈ। ਪੁਲਿਸ ਨੇ ਕਿਹਾ ਕਿ ਡੈਲਟਾ ਦੇ ਰਹਿਣ ਵਾਲੇ ਦੋਵੇਂ ਜ਼ਖ਼ਮੀ ਇੱਕ-ਦੂਜੇ ਨੂੰ ਜਾਣਦੇ ਸਨ।