ਲਖਨਊ, 10 ਮਾਰਚ (ਪੋਸਟ ਬਿਊਰੋ): ਯੂਪੀ ਦੇ ਬਸਤੀ ਜਿ਼ਲ੍ਹੇ ਵਿੱਚ ਇੱਕ ਕਾਰ ਅਤੇ ਇੱਕ ਕੰਟੇਨਰ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਕਾਰੋਬਾਰੀ ਵੀ ਸ਼ਾਮਿਲ ਹਨ, ਜਦਕਿ 3 ਲੋਕ ਗੰਭੀਰ ਜ਼ਖ਼ਮੀ ਹਨ। ਕਾਰ ਸਵਾਰ ਹੋਲੀ ਮਨਾਉਣ ਲਈ ਗੁਜਰਾਤ ਤੋਂ ਗੋਰਖਪੁਰ ਸਥਿਤ ਆਪਣੇ ਘਰ ਆ ਰਹੇ ਸਨ। ਇਹ ਹਾਦਸਾ ਐਤਵਾਰ ਸਵੇਰੇ 7 ਵਜੇ ਨਗਰ ਥਾਣਾ ਖੇਤਰ 'ਚ ਵਾਪਰਿਆ।
ਕੰਟੇਨਰ ਨੇ ਹਾਈਵੇਅ 'ਤੇ ਅਚਾਨਕ ਲੇਨ ਬਦਲ ਦਿੱਤੀ। ਡਿਵਾਈਡਰ ਨਾ ਹੋਣ ਕਾਰਨ ਸਾਹਮਣੇ ਤੋਂ ਆ ਰਹੀ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ 'ਚ ਸਵਾਰ 8 'ਚੋਂ 5 ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।
ਟੱਕਰ ਤੋਂ ਬਾਅਦ ਰੌਲਾ ਪੈ ਗਿਆ। ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਬਾਹਰ ਕੱਢਣ ਦੀ ਕੋਸਿ਼ਸ਼ ਕੀਤੀ ਪਰ ਗੱਡੀ ਪਲਟ ਜਾਣ ਕਾਰਨ ਉਨ੍ਹਾਂ ਨੂੰ ਬਾਹਰ ਨਹੀਂ ਕੱਢ ਸਕਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਜ਼ਖ਼ਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।