ਮਾਸਕੋ, 13 ਮਾਰਚ (ਪੋਸਟ ਬਿਊਰੋ): ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਕੁਰਸਕ ਸੂਬੇ ਦਾ ਦੌਰਾ ਕੀਤਾ। ਇਸ ਦੌਰਾਨ ਪੁਤਿਨ ਫੌਜ ਦੀ ਵਰਦੀ ਵਿੱਚ ਨਜ਼ਰ ਆਏ। ਪੁਤਿਨ ਬੁੱਧਵਾਰ ਨੂੰ ਮੋਰਚੇ 'ਤੇ ਇੱਕ ਫੌਜੀ ਕਮਾਂਡ ਪੋਸਟ 'ਤੇ ਪਹੁੰਚੇ। ਪੁਤਿਨ ਨੇ ਕੁਰਸਕ ਖੇਤਰ ਦੇ ਜਿ਼ਆਦਾਤਰ ਹਿੱਸੇ ਤੋਂ ਯੂਕਰੇਨੀ ਫੌਜਾਂ ਦੀ ਵਾਪਸੀ 'ਤੇ ਖੁਸ਼ੀ ਪ੍ਰਗਟ ਕੀਤੀ।
ਰੂਸ ਦੇ ਰਾਸ਼ਟਰਪਤੀ ਦਫ਼ਤਰ, ਕ੍ਰੇਮਲਿਨ ਨੇ ਪੁਤਿਨ ਦੀਆਂ ਫੋਟੋਆਂ ਜਾਰੀ ਕੀਤੀਆਂ। ਪੁਤਿਨ, ਹਰੇ ਰੰਗ ਦੀ ਵਰਦੀ ਪਹਿਨੇ ਹੋਏ, ਇੱਕ ਡੈਸਕ 'ਤੇ ਬੈਠੇ ਸਨ। ਉਨ੍ਹਾਂ ਦੇ ਸਾਹਮਣੇ ਬਹੁਤ ਸਾਰੇ ਨਕਸ਼ੇ ਰੱਖੇ ਹੋਏ ਸਨ। ਇਸ ਦੌਰਾਨ, ਰੂਸ ਦੇ ਉੱਚ ਫੌਜੀ ਅਧਿਕਾਰੀ ਜਨਰਲ ਵੈਲੇਰੀ ਗੇਰਾਸਿਮੋਵ ਉਨ੍ਹਾਂ ਦੇ ਨਾਲ ਦਿਖਾਈ ਦਿੱਤੇ।
ਕੁਰਸਕ 'ਤੇ ਪਿਛਲੇ ਸਾਲ ਅਗਸਤ ਵਿੱਚ ਯੂਕਰੇਨ ਨੇ ਹਮਲਾ ਕੀਤਾ ਸੀ। ਕੁਰਸਕ ਦੇ ਕਈ ਇਲਾਕੇ ਹਾਲੇ ਵੀ ਯੂਕਰੇਨੀ ਫੌਜ ਦੇ ਕਬਜ਼ੇ ਵਿੱਚ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਇਸ ਜ਼ਮੀਨ ਨੂੰ ਰੂਸ ਨਾਲ ਜੰਗਬੰਦੀ ਸਮਝੌਤੇ ਵਿੱਚ ਅਦਲਾ-ਬਦਲੀ ਚਾਹੁੰਦੇ ਹਨ।
ਪੁਤਿਨ ਨੇ ਇਹ ਦੌਰਾ ਮੰਗਲਵਾਰ ਨੂੰ ਸਾਊਦੀ ਅਰਬ ਵਿੱਚ ਅਮਰੀਕਾ ਅਤੇ ਯੂਕਰੇਨੀ ਪ੍ਰਤੀਨਿਧੀਆਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਕੀਤਾ। ਇਸ ਮੀਟਿੰਗ ਵਿੱਚ, ਯੂਕਰੇਨ 30 ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ। ਅਮਰੀਕਾ ਇਸ ਯੋਜਨਾ ਨੂੰ ਰੂਸ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹੈ। ਹਾਲਾਂਕਿ, ਰੂਸ ਨੇ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਅਸਥਾਈ ਜੰਗਬੰਦੀ ਤੋਂ ਇਨਕਾਰ ਕਰ ਦਿੱਤਾ ਸੀ।
ਪੁਤਿਨ ਨੇ ਕਿਹਾ ਕਿ ਕਿਸੇ ਵੀ ਅਸਥਾਈ ਜੰਗਬੰਦੀ ਦਾ ਫਾਇਦਾ ਸਿਰਫ਼ ਯੂਕਰੇਨੀ ਫੌਜ ਨੂੰ ਹੀ ਹੋਵੇਗਾ। ਇਸ ਨਾਲ ਯੁੱਧ ਦੇ ਮੈਦਾਨ ਵਿੱਚ ਪਿੱਛੇ ਰਹਿ ਰਹੀ ਯੂਕਰੇਨੀ ਫੌਜ ਨੂੰ ਆਪਣੇ ਸੈਨਿਕਾਂ ਦੀ ਗਿਣਤੀ ਵਧਾਉਣ ਅਤੇ ਤਿਆਰੀ ਕਰਨ ਵਿੱਚ ਮਦਦ ਮਿਲੇਗੀ।
ਰੂਸ ਨੇ ਪੱਛਮੀ ਦੇਸ਼ਾਂ ਨਾਲ ਇੱਕ ਵਿਆਪਕ ਸੁਰੱਖਿਆ ਸਮਝੌਤੇ ਦੀ ਮੰਗ ਕੀਤੀ ਹੈ। ਇਸ ਵਿੱਚ ਇਹ ਗਾਰੰਟੀ ਵੀ ਸ਼ਾਮਿਲ ਹੈ ਕਿ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਦਸੰਬਰ ਵਿੱਚ, ਪੁਤਿਨ ਨੇ ਕਿਹਾ ਸੀ ਕਿ “ਸਾਨੂੰ ਸ਼ਾਂਤੀ ਦੀ ਲੋੜ ਹੈ, ਜੰਗਬੰਦੀ ਦੀ ਨਹੀਂ। ਰੂਸ ਅਤੇ ਇਸਦੇ ਨਾਗਰਿਕਾਂ ਨੂੰ ਸੁਰੱਖਿਆ ਗਾਰੰਟੀ ਦੇ ਨਾਲ ਸ਼ਾਂਤੀ ਦੀ ਲੋੜ ਹੈ।