ਕੈਲਗਰੀ, 13 ਮਾਰਚ (ਪੋਸਟ ਬਿਊਰੋ) : ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਓਟਾਵਾ ਜਾਣ ਵਾਲੀ ਵੈਸਟਜੈੱਟ ਦੀ ਉਡ਼ਾਨ ਨਾਲ ਸਬੰਧਤ ਖ਼ਤਰੇ ਦੀ ਪੁਲਿਸ ਜਾਂਚ ਕਰ ਰਹੀ ਹੈ। ਵੈਸਟਜੈੱਟ ਨੇ ਪੁਸ਼ਟੀ ਕੀਤੀ ਕਿ ਉਡ਼ਾਨ ਨੰਬਰ 610 ਵਿੱਚ ਸੁਰੱਖਿਆ ਸਬੰਧੀ ਚਿੰਤਾ ਦੇ ਕਾਰਨ ਦੇਰੀ ਹੋਈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ।
ਜਾਣਕਾਰੀ ਅਨੁਸਾਰ ਓਟਾਵਾ ਜਾਣ ਵਾਲੀ 610 ਨੂੰ ਸ਼ੁਰੂ ਵਿੱਚ ਗੇਟ 22 ਤੋਂ ਸਵੇਰੇ 10:45 ਵਜੇ ਉਡਾਣ ਭਰਨੀ ਸੀ ਪਰ ਇਸਨੂੰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ। ਇਸ ਦੀ ਜਾਂਚ ਲਈ ਸਵੇਰੇ ਕਰੀਬ ਸਾਢੇ ਦਸ ਵਜੇ ਹਵਾਈ ਅੱਡੇ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਵਾਹਨ ਵੇਖੇ ਗਏ।
ਹਵਾਈ ਅੱਡਾ ਅਥਾਰਟੀਜ਼ ਨੇ ਕਿਹਾ ਕਿ ਹਾਲਾਂਕਿ ਜੋਖਮ ਘੱਟ ਹੈ, ਫਿਰ ਵੀ ਅਸੀਂ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੀਆਂ ਜ਼ਰੂਰੀ ਸੁਰੱਖਿਆ ਸਾਵਧਾਨੀਆਂ ਅਪਨਾ ਰਹੇ ਹਾਂ। ਅਥਾਰਟੀ ਨੇ ਕਿਹਾ ਕਿ ਹੋਰ ਮੁਸਾਫਰਾਂ `ਤੇ ਇਸਦਾ ਪ੍ਰਭਾਵ ਘੱਟ ਹੈ ਅਤੇ ਘਟਨਾ ਕਾਰਨ ਕਿਸੇ ਹੋਰ ਉਡਾਨ ਵਿੱਚ ਦੇਰੀ ਨਹੀਂ ਹੋਈ ਹੈ।