ਵਾਸਿ਼ੰਗਟਨ, 30 ਜਨਵਰੀ (ਪੋਸਟ ਬਿਊਰੋ): ਅਮਰੀਕਾ ਦੀ ਰਾਜਧਾਨੀ ਵਾਸਿ਼ੰਗਟਨ ਡੀਸੀ ਵਿੱਚ ਬੁੱਧਵਾਰ ਰਾਤ ਲਗਭਗ 9 ਵਜੇ ਇੱਕ ਯਾਤਰੀ ਜਹਾਜ਼ ਅਤੇ ਇੱਕ ਹੈਲੀਕਾਪਟਰ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ, ਦੋਵੇਂ ਪੋਟੋਮੈਕ ਨਦੀ ਵਿੱਚ ਡਿੱਗ ਗਏ। ਜਹਾਜ਼ ਵਿੱਚ 64 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 4 ਚਾਲਕ ਦਲ ਦੇ ਮੈਂਬਰ ਵੀ ਸ਼ਾਮਿਲ ਸਨ। ਹੈਲੀਕਾਪਟਰ ਵਿੱਚ 3 ਲੋਕ ਸਵਾਰ ਸਨ। ਇਹ ਖਦਸ਼ਾ ਹੈ ਕਿ ਇਹ ਸਾਰੇ ਲੋਕ ਮਾਰੇ ਗਏ ਹੋ ਸਕਦੇ ਹਨ।
ਹਾਦਸੇ ਤੋਂ ਬਾਅਦ, ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਪੋਟੋਮੈਕ ਨਦੀ ਵਿੱਚ ਤਿੰਨ ਟੁਕੜਿਆਂ ਵਿੱਚ ਮਿਲਿਆ। ਸੀਬੀਐੱਸ ਨਿਊਜ਼ ਅਨੁਸਾਰ, ਹੁਣ ਤੱਕ 30 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਵਾਸਿ਼ੰਗਟਨ ਫਾਇਰ ਡਿਪਾਰਟਮੈਂਟ ਦੇ ਮੁਖੀ ਜੌਨ ਡੋਨੇਲੀ ਨੇ ਹਾਦਸੇ 'ਤੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਹੈ ਕਿ ਇਸ ਹਾਦਸੇ ਵਿੱਚ ਕੋਈ ਬਚ ਜਾਵੇਗਾ।
ਜੌਨ ਡੋਨੇਲੀ ਨੇ ਕਿਹਾ ਕਿ ਪਾਣੀ ਵਿੱਚ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਪਾਣੀ ਕਾਫ਼ੀ ਡੂੰਘਾ ਅਤੇ ਚਿੱਕੜ ਭਰਿਆ ਹੈ। ਇਸ ਕਾਰਨ ਗੋਤਾਖੋਰਾਂ ਨੂੰ ਗੋਤਾਖੋਰੀ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਬਚਾਅ ਕਾਰਜਾਂ ਵਿੱਚ ਕਈ ਦਿਨ ਲੱਗ ਸਕਦੇ ਹਨ। ਇਸ ਵੇਲੇ, ਹਵਾਈ ਅੱਡੇ 'ਤੇ ਸਾਰੀਆਂ ਉਡਾਣਾਂ ਅਤੇ ਲੈਂਡਿੰਗਾਂ ਨੂੰ ਰੋਕ ਦਿੱਤਾ ਗਿਆ ਹੈ।
ਵਾਸਿ਼ੰਗਟਨ ਫਾਇਰ ਡਿਪਾਰਟਮੈਂਟ ਅਨੁਸਾਰ, ਇਹ ਘਟਨਾ ਰੋਨਾਲਡ ਰੀਗਨ ਹਵਾਈ ਅੱਡੇ ਦੇ ਨੇੜੇ ਵਾਪਰੀ। ਇਹ ਹਾਦਸਾ ਯੂਐਸ ਏਅਰਲਾਈਨਜ਼ ਦੇ ਸੀਆਰਜੇ700 ਬੰਬਾਰਡੀਅਰ ਜੈੱਟ ਅਤੇ ਆਰਮੀ ਬਲੈਕ ਹਾਕ (ਐੱਚ-60) ਹੈਲੀਕਾਪਟਰ ਵਿਚਕਾਰ ਹੋਇਆ। ਅਮਰੀਕਨ ਏਅਰਲਾਈਨਜ਼ ਦਾ ਜੈੱਟ ਕੈਨਸਸ ਤੋਂ ਵਾਸ਼ਿੰਗਟਨ ਆ ਰਿਹਾ ਸੀ।