ਅਲਾਸਕਾ, 29 ਜਨਵਰੀ (ਪੋਸਟ ਬਿਊਰੋ): ਮੰਗਲਵਾਰ ਨੂੰ ਅਲਾਸਕਾ ਵਿੱਚ ਇੱਕ ਉੱਨਤ ਅਮਰੀਕੀ ਲੜਾਕੂ ਜਹਾਜ਼ ਐੱਫ35 ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਜਾਨ ਬਚਾਈ। ਇਹ ਹਾਦਸਾ ਅਲਾਸਕਾ ਦੇ ਆਇਲਸਨ ਏਅਰ ਫੋਰਸ ਬੇਸ 'ਤੇ ਸਿਖਲਾਈ ਦੌਰਾਨ ਵਾਪਰਿਆ। ਇਹ ਹਾਦਸਾ ਬੁੱਧਵਾਰ ਨੂੰ ਸਵੇਰੇ 3:19 ਵਜੇ ਵਾਪਰਿਆ।
ਹਵਾਈ ਸੈਨਾ ਦੇ 354ਵੇਂ ਫਾਈਟਰ ਵਿੰਗ ਦੇ ਕਮਾਂਡਰ ਕਰਨਲ ਪਾਲ ਟਾਊਨਸੇਂਡ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪਾਇਲਟ ਨੂੰ ਉਡਾਨ ਦੌਰਾਨ ਜਹਾਜ਼ ਵਿੱਚ ਖਰਾਬੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਜਹਾਜ਼ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ।
ਹਾਦਸੇ ਤੋਂ ਬਾਅਦ ਪਾਇਲਟ ਸੁਰੱਖਿਅਤ ਹੈ। ਇਹ ਇੱਕ ਸਿੰਗਲ-ਸੀਟਰ ਲੜਾਕੂ ਜਹਾਜ਼ ਸੀ, ਜਿਸ ਵਿੱਚ ਸਿਰਫ਼ ਇੱਕ ਪਾਇਲਟ ਸਵਾਰ ਸੀ।
ਐੱਫ-35 ਲੜਾਕੂ ਜਹਾਜ਼ 5ਵੀਂ ਪੀੜ੍ਹੀ ਦਾ ਜਹਾਜ਼ ਹੈ। ਇਸਨੂੰ ਲਾਕਹੀਡ ਮਾਰਟਿਨ ਦੁਆਰਾ ਨਿਰਮਿਤ ਕੀਤਾ ਜਾਂਦਾ ਹੈ। ਇਸ ਜਹਾਜ਼ ਦਾ ਨਿਰਮਾਣ 2006 ਵਿੱਚ ਸ਼ੁਰੂ ਹੋਇਆ ਸੀ। 2015 ਤੋਂ ਇਹ ਅਮਰੀਕੀ ਹਵਾਈ ਸੈਨਾ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ।