ਕੋਲੰਬੋ, 28 ਜਨਵਰੀ (ਪੋਸਟ ਬਿਊਰੋ): ਮੰਗਲਵਾਰ ਸਵੇਰੇ ਸ਼੍ਰੀਲੰਕਾ ਦੀ ਜਲ ਸੈਨਾ ਨੇ 13 ਭਾਰਤੀ ਮਛੇਰਿਆਂ 'ਤੇ ਗੋਲੀਬਾਰੀ ਕੀਤੀ। ਇਸ ਵਿੱਚ 5 ਮਛੇਰੇ ਜ਼ਖਮੀ ਹੋ ਗਏ। ਇਹ ਸਾਰੇ ਡੈਲਫਟ ਟਾਪੂ ਦੇ ਨੇੜੇ ਮੱਛੀਆਂ ਫੜ੍ਹਨ ਗਏ ਸਨ। ਇਹ ਟਾਪੂ ਸ਼੍ਰੀਲੰਕਾ ਦੇ ਕੰਟਰੋਲ ਹੇਠ ਹੈ। ਇਨ੍ਹਾਂ ਮਛੇਰਿਆਂ ਦਾ ਇਲਾਜ ਸ਼੍ਰੀਲੰਕਾ ਦੇ ਜਾਫਨਾ ਟੀਚਿੰਗ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਗੋਲੀਬਾਰੀ ਨੂੰ ਗੰਭੀਰ ਮੰਨਦੇ ਹੋਏ, ਭਾਰਤ ਸਰਕਾਰ ਨੇ ਸ਼੍ਰੀਲੰਕਾ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਇਸ ਘਟਨਾ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਹਸਪਤਾਲ ਵਿੱਚ ਜ਼ਖਮੀ ਮਛੇਰਿਆਂ ਨੂੰ ਮਿਲਣ ਲਈ ਗਏ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨੇ ਮਛੇਰਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ।
ਭਾਰਤੀ ਹਾਈ ਕਮਿਸ਼ਨ ਨੇ ਇਹ ਮਾਮਲਾ ਕੋਲੰਬੋ ਵਿੱਚ ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਹਮੇਸ਼ਾ ਮਛੇਰਿਆਂ ਨਾਲ ਸਬੰਧਤ ਮੁੱਦਿਆਂ ਨੂੰ ਮਾਨਵੀ ਢੰਗ ਨਾਲ ਹੱਲ ਕਰਨ 'ਤੇ ਜ਼ੋਰ ਦਿੱਤਾ ਹੈ। ਇਸ ਵਿੱਚ, ਰੋਜ਼ੀ-ਰੋਟੀ ਨਾਲ ਸਬੰਧਤ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਬਲ ਦੀ ਵਰਤੋਂ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸ ਸਬੰਧ ਵਿੱਚ ਦੋਨਾਂ ਸਰਕਾਰਾਂ ਵਿਚਕਾਰ ਮੌਜੂਦਾ ਸਹਿਮਤੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।