-ਫਰਵਰੀ ਵਿੱਚ ਅਮਰੀਕਾ ਦਾ ਦੌਰਾ ਕਰ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ
ਵਾਸਿੰ਼ਗਟਨ, 28 ਜਨਵਰੀ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਟਰੰਪ ਨੇ ਸੋਮਵਾਰ ਨੂੰ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ ਵਿੱਚ ਅਮਰੀਕਾ ਆਉਣ ਦੀ ਉਮੀਦ ਹੈ। ਹਾਲਾਂਕਿ, ਭਾਰਤੀ ਵਿਦੇਸ਼ ਮੰਤਰਾਲੇ ਨੇ ਹਾਲੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ।
ਰਾਈਟਰਜ਼ ਅਨੁਸਾਰ ਟਰੰਪ ਨੇ ਕਿਹਾ ਕਿ ਮੋਦੀ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਉਹੀ ਕਰਨਗੇ ਜੋ ਸਹੀ ਹੋਵੇਗਾ। ਜਦੋਂ ਅਸੀਂ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਿਸ ਭੇਜਾਂਗੇ, ਤਾਂ ਮੋਦੀ ਸਹੀ ਫੈਸਲਾ ਲੈਣਗੇ। ਸਾਡੇ ਭਾਰਤ ਨਾਲ ਬਹੁਤ ਚੰਗੇ ਸਬੰਧ ਹਨ। ਅਸੀਂ ਭਾਰਤ ਤੋਂ ਆਈਟੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਲਈ ਤਿਆਰ ਹਾਂ।
ਅਮਰੀਕਾ ਭਾਰਤ ਦਾ ਇੱਕ ਵੱਡਾ ਵਪਾਰਕ ਭਾਈਵਾਲ ਹੈ। 2023-24 ਵਿੱਚ ਦੋਨਾਂ ਦੇਸ਼ਾਂ ਵਿਚਕਾਰ ਵਪਾਰ 118 ਬਿਲੀਅਨ ਡਾਲਰ ਤੋਂ ਵੱਧ ਸੀ। ਇਸ ਵਿੱਚ ਭਾਰਤ ਦਾ ਵਪਾਰ ਸਰਪਲੱਸ $41 ਬਿਲੀਅਨ ਸੀ।
ਵ੍ਹਾਈਟ ਹਾਊਸ ਨੇ ਦੋਨਾਂ ਨੇਤਾਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਕਿਹਾ ਕਿ ਟਰੰਪ ਨੇ ਭਾਰਤ ਤੋਂ ਅਮਰੀਕੀ ਹਥਿਆਰਾਂ ਦੀ ਖਰੀਦ ਅਤੇ ਇੱਕ ਨਿਰਪੱਖ ਦੁਵੱਲੇ ਵਪਾਰਕ ਸਬੰਧਾਂ ਬਾਰੇ ਵੀ ਗੱਲ ਕੀਤੀ। ਦੋਨਾਂ ਆਗੂਆਂ ਨੇ ਇੰਡੋ-ਪੈਸੀਫਿਕ, ਮੱਧ ਪੂਰਬ ਅਤੇ ਯੂਰਪ ਵਿੱਚ ਸੁਰੱਖਿਆ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ।
ਟਰੰਪ ਦਾ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਆਖਰੀ ਵਿਦੇਸ਼ ਦੌਰਾ 2020 ਵਿੱਚ ਭਾਰਤ ਦਾ ਸੀ। ਭਾਰਤ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਦੀ ਇਸ ਫੇਰੀ ਨੂੰ ਨਮਸਤੇ ਟਰੰਪ ਦਾ ਨਾਮ ਦਿੱਤਾ ਹੈ। ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਭਾਸ਼ਣ ਦਿੱਤਾ ਅਤੇ ਇਸ ਤੋਂ ਬਾਅਦ ਉਹ ਤਾਜ ਮਹਿਲ ਦੇਖਣ ਲਈ ਆਗਰਾ ਗਏ ਸਨ।