ਪ੍ਰਯਾਗਰਾਜ, 29 ਜਨਵਰੀ (ਪੋਸਟ ਬਿਊਰੋ): ਮਹਾਂਕੁੰਭ ਮੇਲੇ ਵਿਚ ਬੁੱਧਵਾਰ ਤੜਕੇ ਮਚੀ ਭਗਦੜ ਵਿਚ ਘੱਟੋ-ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 60 ਜ਼ਖ਼ਮੀ ਦੱਸੇ ਜਾਂਦੇ ਹਨ। ਜਿ਼ਕਰਯੋਗ ਹੈ ਕਿ ਅੱਜ ਮੌਨੀ ਅਮਾਵੱਸਿਆ (ਅਮਾਵਸ) ਕਰਕੇ ਤ੍ਰਿਵੇਣੀ ਦੇ ਸੰਗਮ ’ਤੇ ਡੁੁਬਕੀ ਲਾਉਣ ਲਈ ਬਹੁਗਿਣਤੀ ਲੋਕ, ਜਿਨ੍ਹਾਂ ਦਾ ਅੰਕੜਾ ਕਰੋੜਾਂ ਵਿਚ ਦੱਸਿਆ ਜਾਂਦਾ ਹੈ, ਸੰਗਮ ਦੇ ਘਾਟ ’ਤੇ ਮੌਜੂਦ ਸਨ।
ਮੌਨੀ ਅਮਾਵੱਸਿਆ ਨੂੰ ਕੁੰਭ ਮੇਲੇ ਦੇ ਸਭ ਤੋਂ ਪਵਿੱਤਰ ਦਿਨਾਂ ’ਚੋਂ ਇਕ ਗਿਣਿਆ ਜਾਂਦਾ ਹੈ। ਡੀਆਈਜੀ ਵੈਭਵ ਕ੍ਰਿਸ਼ਨਾ ਨੇ ਸ਼ਾਮ ਸਮੇਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਤੜਕੇ ਮਚੀ ਭਗਦੜ ਕਰਕੇ 30 ਜਣਿਆਂ ਦੀ ਮੌਤ ਹੋ ਗਈ ਤੇ 60 ਹੋਰ ਜ਼ਖ਼ਮੀ ਹਨ। ਇਸ ਤੋਂ ਪਹਿਲਾਂ ਅੱਜ ਦਿਨੇ ਆਈਆਂ ਖ਼ਬਰਾਂ ਵਿਚ ਭਗਦੜ ’ਚ ਵੱਡੀ ਗਿਣਤੀ ਲੋਕਾਂ ਦੀ ਮੌਤ ਦਾ ਖ਼ਦਸ਼ਾ ਜਤਾਇਆ ਗਿਆ ਸੀ।
ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ।
ਪੀੜਤਾਂ ਦੇ ਵਾਰਸਾਂ ਲਈ 25-25 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਇਸ ਘਟਨਾ ਸੀ ਜਾਂਚ ਸਾਬਕਾ ਜੱਜ ਹਰਸ਼ ਕੁਮਾਰ ਦੀ ਅਗਵਾਈ `ਚ ਤਿੰਨ ਮੈਂਬਰੀ ਕਮੇਟੀ ਕਰੇਗੀ। ਮੈਂਬਰਾਂ ਵਿਚ ਸਾਬਕਾ ਡੀਜੀਪੀ ਵੀਕੇ ਗੁਪਤਾ ਤੇ ਸੇਵਾਮੁਕਤ ਆਈਏਐੱਸ ਅਧਿਕਾਰੀ ਡੀਕੇ ਸਿੰਘ ਸ਼ਾਮਿਲ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਵੱਖਰੀ ਪੁਲਿਸ ਜਾਂਚ ਵੀ ਕੀਤੀ ਜਾਵੇਗੀ। ਭਾਵੁਕ ਨਜ਼ਰ ਆਏ ਮੁੱਖ ਮੰਤਰੀ ਆਦਿੱਤਿਅਨਾਥ ਨੇ ਕਿਹਾ ਕਿ ਇਸ ਘਟਨਾ ਦੀ ਤਹਿ ਤੱਕ ਜਾਣਾ ਜ਼ਰੂਰੀ ਹੈ ਕਿ ਕਿਵੇਂ ਇਹ ਦੁਖਦਾਈ ਘਟਨਾ ਵਾਪਰੀ। ਯੋਗੀ ਨੇ ਕਿਹਾ ਕਿ ਮੁੱਖ ਸਕੱਤਰ ਤੇ ਡੀਜੀਪੀ ਵੀਰਵਾਰ ਨੂੰ ਮਹਾਂਕੁੰਭ ਜਾ ਕੇ ਇਸ ਘਟਨਾ ਦੀ ਜਾਂਚ ਕਰਨਗੇ।