ਓਟਵਾ, 29 ਜਨਵਰੀ (ਪੋਸਟ ਬਿਊਰੋ): ਅਦਾਲਤ ਨੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ, ਜੋ 1985 ਦੇ ਏਅਰ ਇੰਡੀਆ ਬੰਬ ਧਮਾਕੇ ’ਚ ਮਸ਼ਕੂਕ ਸੀ ਤੇ ਬਾਅਦ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ, ਉਸ ਦੇ ਕਤਲ ਦਾ ਦੋਸ਼ ਸਵੀਕਾਰ ਕਰਨ ’ਤੇ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ’ਚ ਦੂਜੇ ਦੋਸ਼ੀ ਜੋਸ ਲੋਪੇਜ਼ ਨੂੰ ਅੱਜ ਨੂੰ ਸਜ਼ਾ ਸੁਣਾਈ ਜਾਵੇਗੀ।
ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਨੇ ਅੱਜ ਟੈਨਰ ਫੌਕਸ ਨੂੰ ਮਲਿਕ ਦੇ ਕਤਲ ਦੇ ਦੋਸ਼ ਹੇਠ 20 ਸਾਲ (ਬਿਨਾਂ ਪੈਰੋਲ) ਕੈਦ ਦੀ ਸਜ਼ਾ ਸੁਣਾਈ ਹੈ। ਮਲਿਕ ਦਾ 15 ਜੁਲਾਈ 2022 ’ਚ ਸਰੀ ਵਿੱਚ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਕਾਰ ਅੰਦਰ ਬੈਠਾ ਹੋਇਆ ਸੀ। ਮਲਿਕ ਤੇ ਸਹਿ-ਮੁਲਜ਼ਮ ਅਜਾਇਬ ਸਿੰਘ ਬਾਗੜੀ ਨੂੰ 2005 ’ਚ ਏਅਰ ਇੰਡੀਆ ਬੰਬ ਧਮਾਕੇ ਨਾਲ ਸਬੰਧਤ ਸਮੂਹਿਕ ਹੱਤਿਆ ਤੇ ਸਾਜਿ਼ਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਮਲਿਕ ਦੇ ਕਤਲ ਤੋਂ ਦੋ ਹਫ਼ਤੇ ਬਾਅਦ ਪੁਲਿਸ ਨੇ ਨਿਊ ਵੈਸਟਮਿੰਸਟਰ ਦੇ ਵੈਨਕੂਵਰ ਤੋਂ ਟੈਨਰ ਫੌਕਸ ਤੇ ਉਸ ਦੇ ਸਾਥੀ ਜੋਸ ਲੋਪੇਜ਼ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ’ਚ ਮਲਿਕ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ।