ਚੰਡੀਗੜ੍ਹ, 30 ਜਨਵਰੀ (ਪੋਸਟ ਬਿਊਰੋ): ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਵਿਚ ਕਪੂਰਥਲਾ ਹਾਊਸ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਹੈ। ਪਾਰਟੀ ਨੇ ਇਸ ਸਬੰਧੀ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ।
ਹਿੰਦੀ ਵਿਚ ਕੀਤੀ ਗਈ ਇਸ ਟਵੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਦੇਖ ਕੇ ਕੰਬ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਆਪਣੇ ਸਾਹਮਣੇ ਹਾਰ ਦੇਖ ਕੇ, ਭਾਜਪਾ ਕੰਬ ਗਈ। ਭਾਜਪਾ ਦੀ ਦਿੱਲੀ ਪੁਲਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਵਿਚਲੇ ਘਰ ਛਾਪਾ ਮਾਰਨ ਪਹੁੰਚੀ।
ਟਵੀਟ ਵਿਚ ਦੋਸ਼ ਲਾਇਆ ਗਿਆ ਹੈ ਕਿ ਭਾਜਪਾ ਵਾਲੇ ਦਿਨ-ਦਿਹਾੜੇ ਪੈਸੇ, ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ, ਪਰ ਪੁਲਿਸ ਅਤੇ ਚੋਣ ਕਮਿਸ਼ਨ ਦੀਆਂ ਅੱਖਾਂ `ਤੇ ਭਾਜਪਾਈ ਪੱਟੀ ਬੱਝੀ ਹੋਈ ਹੈ।
‘ਆਪ’ ਨੇ ਲਿਖਿਆ ਹੈ ਕਿ ਹੇਠਾਂ ਦਿੱਤੀ ਵੀਡੀਓ ਦੇਖੋ, ਕਿਵੇਂ ਭਾਜਪਾ ਉਮੀਦਵਾਰ ਦੇ ਦਫ਼ਤਰ ਵਿੱਚ ਵੋਟਾਂ ਖਰੀਦਣ ਲਈ ਖੁੱਲ੍ਹੇਆਮ ਲੱਖਾਂ ਰੁਪਏ ਗਿਣੇ ਜਾ ਰਹੇ ਹਨ। ਜੇ ਪੁਲਿਸ ਅਤੇ ਚੋਣ ਕਮਿਸ਼ਨ ਵਿੱਚ ਹਿੰਮਤ ਹੈ ਤਾਂ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਛਾਪਾ ਮਾਰਨ।