ਕੋਲੰਬੋ, 29 ਜਨਵਰੀ (ਪੋਸਟ ਬਿਊਰੋ): ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸਾ ਦੇ ਵੱਡੇ ਪੁੱਤਰ ’ਤੇ ਭਾਰਤੀ ਨਿਵੇਸ਼ ਨਾਲ ਕਥਿਤ ਹੇਰਾਫੇਰੀ ਲਈ ਇੱਥੇ ਹਾਈ ਕੋਰਟ ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਹ ਮਾਮਲਾ ਸਾਲ 2015 ਤੋਂ ਪਹਿਲਾਂ ਦਾ ਹੈ।
ਨਮਲ ਰਾਜਪਕਸਾ (38) ਨੂੰ ਜੂਨ 2016 ਵਿੱਚ ਰਗਬੀ ਖੇਡ ਨੂੰ ਵਿਕਸਤ ਕਰਨ ਵਾਸਤੇ ਕ੍ਰਿਸ਼ ਹੋਟਲ ਪ੍ਰਾਜੈਕਟ ਦੀ ਰਕਮ ’ਚੋਂ ਸੱਤ ਕਰੋੜ ਸ੍ਰੀਲੰਕਾਈ ਰੁਪੱਈਆਂ ਦੇ ਕਥਿਤ ਗਲਤ ਇਸਤੇਮਾਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਨਮਲ ਰਾਜਪਕਸਾ ਸ੍ਰੀਲੰਕਾ ਦਾ ਕੌਮਾਂਤਰੀ ਖਿਡਾਰੀ ਰਹਿ ਚੁੱਕਾ ਹੈ।
ਕੋਲੰਬੋ ਵਣਜ ਜਿ਼ਲ੍ਹੇ ਵਿਚਾਲੇ ਸਥਿਤ ਕ੍ਰਿਸ਼ ਹੋਟਲ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਗਿਆ ਅਤੇ ਅਧੂਰਾ ਨਿਰਮਾਣ ਕਾਰਜ ਅਜੇ ਵੀ ਜਾਰੀ ਹੈ। ਹਾਲ ਹੀ ਵਿੱਚ ਇਕ ਹੋਰ ਅਦਾਲਤ ’ਚ ਰਾਹਗੀਰਾਂ ਲਈ ਖ਼ਤਰੇ ਕਾਰਨ ਇਸ ਦੀ ਅਣਸੁਰੱਖਿਅਤ ਸਥਿਤੀ ’ਤੇ ਸਵਾਲ ਉਠਾਇਆ ਗਿਆ ਸੀ। ਅਨੂਰਾ ਕੁਮਾਰਾ ਦਿਸਾਨਾਇਕੇ ਦੀ ਅਗਵਾਈ ਵਾਲੀ ਨੈਸ਼ਨਲ ਪੀਪਲਜ਼ ਪਾਵਰ (ਐੱਨਸੀਪੀ) ਸਰਕਾਰ ਵੱਲੋਂ 2016 ਤੋਂ ਰੁਕੇ ਹੋਏ ਕ੍ਰਿਸ਼ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਤੋਂ ਬਾਅਦ ਹਾਲ ਹੀ ਵਿੱਚ ਪੁਲੀਸ ਨੇ ਨਮਲ ਰਾਜਪਰਸਾ ਕੋਲੋਂ ਪੁੱਛ ਪੜਤਾਲ ਕੀਤੀ ਸੀ।
ਇਕ ਹਫ਼ਤੇ ਬਾਅਦ ਨਮਲ ਦੇ ਛੋਟੇ ਭਰਾ ਯੋਸ਼ਿਤਾ ਨੂੰ ਵੀ ਇਸੇ ਤਰ੍ਹਾਂ ਦੇ ਸ਼ੱਕੀ ਸੰਪਤੀ ਮਾਮਲੇ ਵਿੱਚ ਮੁੜ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਸੋਮਵਾਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਨਮਲ ਰਾਜਪਕਸਾ ਨੂੰ ਉਸ ਖਿਲਾਫ਼ ਲਗਾਏ ਗਏ ਦੋਸ਼ ਬਾਰੇ ਪਤਾ ਲੱਗਣ ’ਤੇ ਉਸ ਨੇ ਕਿਹਾ, ‘‘ਇਹ ਸਪੱਸ਼ਟ ਹੈ ਕਿ ਮੌਜੂਦਾ ਸਰਕਾਰ ਨੇ ਰਾਜਪਕਸਾ ਪਰਿਵਾਰ ਖ਼ਿਲਾਫ਼ ਸਿਆਸੀ ਮੁਹਿੰਮ ਸ਼ੁਰੂ ਕੀਤੀ ਹੈ।’’ ਮਹਿੰਦਾ ਰਾਜਪਕਸਾ ਨੂੰ ਹਾਲ ਦੇ ਹਫ਼ਤਿਆਂ ਵਿੱਚ ਸਰਕਾਰ ਦੀ ਨਾਰਾਜ਼ਦਗੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਉਸ ਨੇ ਆਪਣੀ ਅਧਿਕਾਰਤ ਰਿਹਾਇਸ਼ ਖਾਲੀ ਨਹੀਂ ਕੀਤੀ ਹੈ। ਸਰਕਾਰ ਨੇ ਮਹਿੰਦਾ ਰਾਜਪਕਸਾ ’ਤੇ ਕਰਦਾਤਾਵਾਂ ਦੇ ਖਰਚੇ ’ਤੇ ਫਾਇਦਾ ਲੈਣ ਦਾ ਦੋਸ਼ ਲਗਾਇਆ ਹੈ। ਉਸ ਨੇ ਉਸ ਦੀ ਨਿੱਜੀ ਸੁਰੱਖਿਆ ਵਿੱਚ ਭਾਰੀ ਕਟੌਤੀ ਕਰਨ ਸਬੰਧੀ ਸਰਕਾਰ ਦੀ ਕਾਰਵਾਈ ਨੂੰ ਖਾਰਜ ਕਰਨ ਲਈ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ।