ਰਿਆਧ, 3 ਫਰਵਰੀ (ਪੋਸਟ ਬਿਊਰੋ): ਸੀਰੀਆ ਦੇ ਅੰਤਰਿਮ ਰਾਸ਼ਟਰਪਤੀ ਅਬੂ ਮੁਹੰਮਦ ਅਲ-ਜੌਲਾਨੀ, ਜਿਨ੍ਹਾਂ ਨੂੰ ਅਹਿਮਦ ਅਲ-ਸ਼ਾਰਾ ਵੀ ਕਿਹਾ ਜਾਂਦਾ ਹੈ, ਐਤਵਾਰ ਨੂੰ ਆਪਣੀ ਪਹਿਲੀ ਵਿਦੇਸ਼ੀ ਯਾਤਰਾ 'ਤੇ ਸਾਊਦੀ ਅਰਬ ਪਹੁੰਚੇ। ਸੀਰੀਆ ਦੀ ਨਿਊਜ਼ ਏਜੰਸੀ ਅਨੁਸਾਰ, ਇਸ ਦੌਰਾਨ ਸੀਰੀਆ ਦੇ ਵਿਦੇਸ਼ ਮੰਤਰੀ ਅਸਦ ਅਲ-ਸ਼ੈਬਾਨੀ ਵੀ ਉਨ੍ਹਾਂ ਨਾਲ ਮੌਜੂਦ ਸਨ। ਜੁਲਾਨੀ ਨੇ ਕੁਝ ਮਹੀਨੇ ਪਹਿਲਾਂ ਬਸ਼ਰ ਅਲ-ਅਸਦ ਨੂੰ ਗੱਦੀਓਂ ਲਾਹ ਦਿੱਤਾ ਸੀ ਅਤੇ ਆਪਣੇ ਆਪ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਸੀ।
ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਅਲ-ਯਾਮਾਮਾਹ ਪੈਲੇਸ ਵਿਖੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸੀਰੀਆ ਦੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਹੁਣ ਤੱਕ ਦੋਨਾਂ ਦੇਸ਼ਾਂ ਵੱਲੋਂ ਇਸ ਮੁਲਾਕਾਤ ਦੀ ਵਿਸਥਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ, ਸਾਊਦੀ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਨੇ ਜਨਵਰੀ ਵਿੱਚ ਸੀਰੀਆ ਦੀ ਰਾਜਧਾਨੀ ਦਮਿਸ਼ਕ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਅਸੀਂ ਸੀਰੀਆ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਲਈ ਗੱਲਬਾਤ ਕਰ ਰਹੇ ਹਾਂ।