ਇਸਲਾਮਾਬਾਦ, 12 ਮਾਰਚ (ਪੋਸਟ ਬਿਊਰੋ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਪਿਛਲੇ 24 ਘੰਟਿਆਂ ਤੋਂ ਫੌਜ ਅਤੇ ਬਲੋਚ ਲੜਾਕਿਆਂ ਵਿਚਕਾਰ ਲੜਾਈ ਜਾਰੀ ਹੈ। ਪਾਕਿਸਤਾਨੀ ਸੁਰੱਖਿਆ ਬਲਾਂ ਨੇ 27 ਲੜਾਕਿਆਂ ਨੂੰ ਮਾਰ ਦਿੱਤਾ ਹੈ। 214 ਬਲੋਚ ਬੰਧਕਾਂ ਵਿੱਚੋਂ 155 ਨੂੰ ਛੁਡਵਾ ਲਿਆ ਗਿਆ ਹੈ। 59 ਹਾਲੇ ਵੀ ਕਬਜ਼ੇ ਵਿੱਚ ਹਨ।
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ। ਹਵਾਈ ਸੈਨਾ ਅਤੇ ਫੌਜ ਦੇ ਜਵਾਨਾਂ ਨੇ ਬਲੋਚ ਲੜਾਕਿਆਂ ਨੂੰ ਘੇਰ ਲਿਆ ਹੈ। ਵਿਦਰੋਹੀਆਂ ਨੇ ਵਿਸਫੋਟਕਾਂ ਨਾਲ ਭਰੀਆਂ ਆਤਮਘਾਤੀ ਜੈਕਟਾਂ ਪਹਿਨੀਆਂ ਹੋਈਆਂ ਹਨ, ਜਿਸ ਕਾਰਨ ਬਾਕੀ ਬੰਧਕਾਂ ਨੂੰ ਰਿਹਾਅ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਹ ਉਨ੍ਹਾਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਹਨ।
ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਕੱਲ੍ਹ ਯਾਨੀ ਮੰਗਲਵਾਰ ਦੁਪਹਿਰ 1 ਵਜੇ ਜਾਫਰ ਐਕਸਪ੍ਰੈੱਸ 'ਤੇ ਹਮਲਾ ਕਰਕੇ ਉਸਨੂੰ ਹਾਈਜੈਕ ਕਰ ਲਿਆ। 30 ਤੋਂ ਵੱਧ ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਵੀ ਦਾਅਵਾ ਕੀਤਾ।