ਮੈਕਸੀਕਸਿਟੀ, 2 ਫਰਵਰੀ (ਪੋਸਟ ਬਿਊਰੋ): ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ਼ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਅਰਥਚਾਰੇ ਮੰਤਰੀ ਨੂੰ ਮੈਕਸੀਕੋ ਦੇ ਹਿੱਤਾਂ ਦੀ ਰੱਖਿਆ ਲਈ ਟੈਰਿਫ਼ ਅਤੇ ਗ਼ੈਰ-ਟੈਰਿਫ਼ ਉਪਾਅ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ ਕਿਉਂਕਿ ਅਮਰੀਕਾ ਨੇ ਮੈਕਸੀਕਨ ਸਾਮਾਨ ’ਤੇ ਟੈਰਿਫ਼ ਲਗਾਇਆ ਹੈ।
ਸ਼ੀਨਬੌਮ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਇੱਕ ਪੋਸਟ ਵਿਚ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਨਾਲ ਟਕਰਾਅ ਦੀ ਬਜਾਏ ਸਹਿਯੋਗ ਅਤੇ ਗੱਲਬਾਤ ਚਾਹੁੰਦੀ ਹੈ। ਖੱਬੇ-ਪੱਖੀ ਨੇਤਾ ਕਲਾਉਡੀਆ ਸ਼ੀਨਬੌਮ ਨੇ ਵਾਰ-ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਤਣਾਅ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਅਕਤੂਬਰ ਵਿਚ ਮੈਕਸੀਕੋ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਤਕ ਆਪਣੀ ਸਰਕਾਰ ਦੇ ਕੰਮ ਦੀ ਪ੍ਰਸੰਸਾ ਕੀਤੀ। ਸ਼ੀਨਬੌਮ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ, ਘਾਤਕ ਸਿੰਥੈਟਿਕ ਓਪੀਔਡ ਫੈਂਟਾਨਿਲ ਦੀਆਂ 20 ਮਿਲੀਅਨ ਖ਼ੁਰਾਕਾਂ ਜ਼ਬਤ ਕੀਤੀਆਂ ਗਈਆਂ ਸਨ ਅਤੇ 100,000 ਤੋਂ ਵੱਧ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।