ਸਟਾਕਹੋਮ, 5 ਫਰਵਰੀ (ਪੋਸਟ ਬਿਊਰੋ): ਮੰਗਲਵਾਰ ਨੂੰ ਸਵੀਡਨ ਦੇ ਇੱਕ ਬਾਲਗ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਦਸ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਸਥਾਨਕ ਅਖਬਾਰ ਸਵੀਡਿਸ਼ ਹੇਰਾਲਡ ਅਨੁਸਾਰ, ਗੋਲੀਬਾਰੀ ਰਾਜਧਾਨੀ ਸਟਾਕਹੋਮ ਤੋਂ 200 ਕਿਲੋਮੀਟਰ ਪੱਛਮ ਵਿੱਚ ਓਰੇਬਰੋ ਸ਼ਹਿਰ ਦੇ ਰਿਸਬਰਗਸਕਾ ਸਕੂਲ ਵਿੱਚ ਦੁਪਹਿਰ 1 ਵਜੇ ਦੇ ਕਰੀਬ ਹੋਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਿ਼ਆਦਾਤਰ ਵਿਦਿਆਰਥੀ ਸਕੂਲ ਵਿੱਚ ਮੌਜੂਦ ਸਨ।
ਸਵੀਡਿਸ਼ ਪੁਲਿਸ ਨੇ ਕਿਹਾ ਕਿ ਉਹ ਮ੍ਰਿਤਕਾਂ ਦੀ ਪਛਾਣ ਕਰ ਰਹੀ ਹੈ। ਉਹ ਹਮਲਾਵਰਾਂ ਦੇ ਇਰਾਦੇ ਦਾ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੇ ਹਨ ਪਰ ਫਿਲਹਾਲ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਘਟਨਾ ਅੱਤਵਾਦ ਨਾਲ ਜੁੜੀ ਹੋਈ ਹੈ। ਜ਼ਖਮੀਆਂ ਦੀ ਗਿਣਤੀ ਵੀ ਵਧ ਸਕਦੀ ਹੈ।
ਫਿਲਹਾਲ ਖ਼ਤਰਾ ਅਜੇ ਟਲਿਆ ਨਹੀਂ ਹੈ, ਇਸ ਲਈ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਈ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਹਮਲਾਵਰ ਨੂੰ ਸੀਰੀਆਈ ਮੂਲ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਇਸਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਡੇਲੀ ਐਕਸਪ੍ਰੈਸ ਯੂਕੇ ਦੀ ਰਿਪੋਰਟ ਅਨੁਸਾਰ, ਇਸ ਸਾਲ ਜਨਵਰੀ ਵਿੱਚ ਸਵੀਡਨ ਵਿੱਚ 31 ਥਾਵਾਂ 'ਤੇ ਧਮਾਕੇ ਹੋਏ ਸਨ। ਇਸ ਤੋਂ ਇਲਾਵਾ ਕੁਰਾਨ ਸਾੜ ਕੇ ਦੁਨੀਆਂ ਭਰ ਵਿੱਚ ਸੁਰਖੀਆਂ ਬਟੋਰਨ ਵਾਲੇ ਸਲਵਾਨ ਮੋਮਿਕਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਵਿੱਚ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।