ਵਾਸ਼ਿੰਗਟਨ, 4 ਫਰਵਰੀ (ਪੋਸਟ ਬਿਊਰੋ): ਅਮਰੀਕਾ ਦੀ ਟਰੰਪ ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਸੇ ਕ੍ਰਮ ਵਿੱਚ, ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਨਿਊਜ਼ ਏਜੰਸੀ ਰਾਈਟਰਜ਼ ਅਨੁਸਾਰ, ਸੋਮਵਾਰ ਨੂੰ ਅਮਰੀਕੀ ਹਵਾਈ ਸੈਨਾ ਦਾ ਸੀ-17 ਟਰਾਂਸਪੋਰਟ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਦੇ ਅੰਮ੍ਰਿਤਸਰ ਲਈ ਰਵਾਨਾ ਹੋਇਆ ਹੈ।
ਅਮਰੀਕੀ ਅਧਿਕਾਰੀ ਨੇ ਕਿਹਾ ਕਿ ਇਹ ਗੈਰਕਾਨੂੰਨੀ ਪਰਵਾਸੀਆਂ ਨੂੰ ਵਾਪਿਸ ਭੇਜਣ ਲਈ ਹੁਣ ਤੱਕ ਦੀ ਸਭ ਤੋਂ ਲੰਬੀ ਦੂਰੀ ਵਾਲੀ ਫੌਜੀ ਉਡਾਨ ਹੈ। ਇੱਕ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਸੀ-17 ਫੌਜੀ ਜਹਾਜ਼ ਪਰਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਇਆ ਹੈ, ਜੋ ਅਗਲੇ 24 ਘੰਟਿਆਂ ਵਿਚ ਆਪਣੀ ਮੰਜਿ਼ਲ ’ਤੇ ਪਹੁੰਚ ਜਾਵੇਗਾ। ਟਰੰਪ ਪ੍ਰਸ਼ਾਸਨ ਇੰਮੀਗ੍ਰੇਸ਼ਨ ’ਤੇ ਕੰਟਰੋਲ ਲਈ ਫੌਜੀ ਸਰੋਤਾਂ ਦੀ ਤੇਜ਼ੀ ਨਾਲ ਵਰਤੋਂ ਕਰ ਰਿਹਾ ਹੈ, ਜਿਸ ਵਿਚ ਵਾਧੂ ਫੌਜੀ ਬਲਾਂ ਦੀ ਤਾਇਨਾਤੀ, ਫੌਜੀ ਜਹਾਜ਼ਾਂ ਰਾਹੀਂ ਡਿਪੋਰਟ ਤੇ ਪਰਵਾਸੀਆਂ ਲਈ ਫੌਜੀ ਟਿਕਾਣਿਆਂ ਦੀ ਵਰਤੋਂ ਸ਼ਾਮਿਲ ਹੈ।
ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਟੈਕਸਸ ਤੇ ਕੈਲੇਫੋਰਨੀਆ ਵਿਚੋਂ ਹਿਰਾਸਤ ਵਿਚ ਲਏ 5000 ਤੋਂ ਵਧ ਪਰਵਾਸੀਆਂ ਨੂੰ ਡਿਪੋਰਟ ਕਰਨ ਲਈ ਫੌਜੀ ਉਡਾਨਾਂ ਦੀ ਸਹਾਇਤਾ ਵੀ ਸ਼ੁਰੂ ਕੀਤੀ ਹੈ। ਹੁਣ ਤੱਕ ਫੌਜੀ ਜਹਾਜ਼ਾਂ ਦੀ ਮਦਦ ਨਾਲ ਗੁਆਟੇਮਾਲਾ, ਪੇਰੂ ਤੇ ਹੌਂਡੂਰਸ ਤੋਂ ਪਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਹਾਲਾਂਕਿ ਫੌਜੀ ਉਡਾਨਾਂ ਤੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨਾ ਬੇਹੱਦ ਮਹਿੰਗਾ ਸਾਬਤ ਹੋ ਰਿਹਾ ਹੈ।
ਰਿਪੋਰਟਾਂ ਮੁਤਾਬਕ ਗੁਆਟੇਮਾਲਾ ਭੇਜੇ ਗਏ ਪਰਵਾਸੀਆਂ ਦੀ ਇੱਕ ਫੌਜੀ ਉਡਾਨ ਦਾ ਖਰਚ ਪ੍ਰਤੀ ਵਿਅਕਤੀ 4,675 ਡਾਲਰ (ਕਰੀਬ 3.9 ਲੱਖ ਰੁਪਏ) ਆਉਂਦਾ ਹੈ। ਟਰੰਪ ਪ੍ਰਸ਼ਾਸਨ ਗੈਰਕਾਨੂੰਨੀ ਪਰਵਾਸੀਆਂ ਬਾਰੇ ਸਿਫ਼ਰ ਸਹਿਣਸ਼ੀਲਤਾ ਨੀਤੀ ਅਪਣਾ ਰਿਹਾ ਹੈ, ਜਿਸ ਨਾਲ ਭਵਿੱਖ ਵਿਚ ਹੋਰ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ।