ਮਾਸਕੋ, 26 ਦਸੰਬਰ (ਪੋਸਟ ਬਿਊਰੋ): ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਪਤਨੀ ਅਸਮਾ ਅਲ-ਅਸਦ ਗੰਭੀਰ ਬੀਮਾਰੀ ਤੋਂ ਪੀੜਤ ਹਨ। ਦਿ ਟੈਲੀਗ੍ਰਾਫ ਮੁਤਾਬਕ ਅਸਮਾ ਨੂੰ ਬਲੱਡ ਕੈਂਸਰ ਯਾਨੀ ਲਿਊਕੇਮੀਆ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਸਿਰਫ 50% ਹੈ।
ਬ੍ਰਿਟਿਸ਼ ਵਿੱਚ ਜਨਮੀ ਅਸਮਾ ਅਲ-ਅਸਦ ਨੂੰ 2019 ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ। ਇਲਾਜ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਕੈਂਸਰ ਮੁਕਤ ਐਲਾਨ ਦਿੱਤਾ। ਫਿਲਹਾਲ ਉਸ ਨੂੰ ਆਈਸੋਲੇਸ਼ਨ 'ਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ। ਅਸਮਾ ਨੇ ਦਸੰਬਰ 2000 ਵਿੱਚ ਅਸਦ ਨਾਲ ਵਿਆਹ ਕੀਤਾ ਸੀ। ਅਸਮਾ ਅਤੇ ਅਸਦ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦਾ ਨਾਂ ਹਾਫਿਜ਼, ਜੀਨ ਅਤੇ ਕਰੀਮ ਹੈ।
ਆਸਮਾ ਦਾ ਜਨਮ ਲੰਡਨ ਵਿੱਚ 1975 ਵਿੱਚ ਸੀਰੀਆਈ ਮਾਪਿਆਂ ਦੇ ਘਰ ਹੋਇਆ ਸੀ। ਉਸ ਕੋਲ ਬ੍ਰਿਟੇਨ ਅਤੇ ਸੀਰੀਆ ਦੀ ਦੋਹਰੀ ਨਾਗਰਿਕਤਾ ਹੈ।
ਸੀਰੀਆ 'ਚ 2011 'ਚ ਸ਼ੁਰੂ ਹੋਏ ਘਰੇਲੂ ਯੁੱਧ ਅਤੇ ਵਿਦਰੋਹ ਤੋਂ ਬਾਅਦ ਸਥਿਤੀ ਵਿਗੜ ਗਈ। ਬਾਗੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ ਦੁਆਰਾ 11 ਦਿਨਾਂ ਦੇ ਹਮਲੇ ਤੋਂ ਬਾਅਦ ਬਸ਼ਰ ਅਲ-ਅਸਦ ਅਤੇ ਉਨ੍ਹਾਂ ਦਾ ਪਰਿਵਾਰ ਹਾਲ ਹੀ ਵਿੱਚ ਸੀਰੀਆ ਤੋਂ ਰੂਸ ਭੱਜ ਗਿਆ ਸੀ। ਹੁਣ ਉਹ ਮਾਸਕੋ ਵਿੱਚ ਸ਼ਰਨ ਲੈ ਕੇ ਰਹਿ ਰਹੇ ਹਨ।
ਜਿ਼ਕਰਯੋਗ ਹੈ ਕਿ ਰੂਸ ਨੇ ਅਸਦ ਨੂੰ ਸਖ਼ਤ ਸ਼ਰਤਾਂ ਨਾਲ ਸ਼ਰਨ ਦਿੱਤੀ ਹੈ। ਉਹ ਮਾਸਕੋ ਛੱਡ ਨਹੀਂ ਸਕਦੇ ਹਨ ਅਤੇ ਕਿਸੇ ਵੀ ਰਾਜਨੀਤਿਕ ਗਤੀਵਿਧੀ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਉਸ ਦੀਆਂ ਜਾਇਦਾਦਾਂ ਨੂੰ ਵੀ ਫਰੀਜ਼ ਕਰ ਦਿੱਤਾ ਗਿਆ ਹੈ।