ਓਟਵਾ, 22 ਦਸੰਬਰ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿੰਨਸ਼ੀਅਲ ਪੁਲਿਸ (ਓਪੀਪੀ) ਅਨੁਸਾਰ, ਸ਼ੁੱਕਰਵਾਰ ਦੀ ਸਵੇਰ ਪੂਰਵੀ ਓਂਟਾਰੀਓ ਦੇ ਇੱਕ ਲੋੜੀਂਦੇ ਵਿਅਕਤੀ ਨੂੰ ਬੈਨਕਰਾਫਟ, ਓਂਟਾਰੀਓ ਦੇ ਇੱਕ ਘਰ ਵਿੱਚ 50 ਹਜ਼ਾਰ ਡਾਲਰ ਦੀ ਡਰਗਜ਼ ਅਤੇ ਨਕਦੀ ਨਾਲ ਕਾਬੂ ਕੀਤਾ ਗਿਆ।
ਸਵੇਰੇ 9 ਵਜੇ ਤੋਂ ਬਾਅਦ, ਓਪੀਪੀ ਦੇ ਅਧਿਕਾਰੀ ਇੱਕ ਵਿਅਕਤੀ ਲਈ ਦਵਾਈਆਂ ਲੈਣ ਲਈ ਇੱਕ ਘਰ `ਚ ਗਏ, ਜੋ ਉਨ੍ਹਾਂ ਦੀ ਹਿਰਾਸਤ ਵਿੱਚ ਸੀ। ਉਦੋਂ ਅਧਿਕਾਰੀਆਂ ਨੂੰ ਅੰਦਰ ਇੱਕ ਵਿਅਕਤੀ ਮਿਲਿਆ, ਜਿਸਦੀ ਪੁਲਿਸ ਨੂੰ ਭਾਲ ਸੀ।
ਜਦੋਂ ਉਹ ਉਸਨੂੰ ਗ੍ਰਿਫ਼ਤਾਰ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਉਸ ਕੋਲੋਂ 2 ਹਜ਼ਾਰ ਡਾਲਰ ਤੋਂ ਜਿ਼ਆਦਾ ਦੀ ਨਕਦੀ ਅਤੇ ਕਈ ਤਰ੍ਹਾਂ ਦੀਆਂ ਸ਼ੱਕੀ ਡਰਗਜ਼ ਮਿਲੀਆਂ, ਜਿਨ੍ਹਾਂ ਵਿੱਚ 104 ਗਰਾਮ ਫੇਂਟੇਨਾਇਲ, 11 ਗਰਾਮ ਕੋਕੀਨ, 11 ਗਰਾਮ ਮੇਥਾਮਫੇਟਾਮਾਈਨ, 16 ਗਰਾਮ ਹੇਰੈਇਨ ਅਤੇ ਆਕਸੀਕੋਡੋਨ ਦੀਆਂ 17 ਗੋਲੀਆਂ ਸ਼ਾਮਿਲ ਸਨ।
33 ਸਾਲਾ ਵਿਅਕਤੀ `ਤੇ ਕਈ ਚਾਰਜਿਜ਼ ਹਨ, ਜਿਨ੍ਹਾਂ ਵਿੱਚ ਰਿਹਾਈ ਦੇ ਹੁਕਮ ਦਾ ਪਾਲਣ ਨਾ ਕਰਨ, ਅਪਰਾਧ ਤੋਂ ਕਮਾਏ 5 ਹਜ਼ਾਰ ਡਾਲਰ ਤੋਂ ਘੱਟ ਦੀ ਜਾਇਦਾਦ ਰੱਖਣ ਅਤੇ ਤਸਕਰੀ ਦੇ ਉਦੇਸ਼ ਨਾਲ ਡਰਗਜ਼ ਰੱਖਣ ਦੇ ਤਿੰਨ ਮਾਮਲੇ ਸ਼ਾਮਿਲ ਹਨ। ਜ਼ਮਾਨਤ ਦੀ ਸੁਣਵਾਈ ਤੱਕ ਸ਼ੱਕੀ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ।