ਇਸਲਾਮਾਬਾਦ, 25 ਦਸੰਬਰ (ਪੋਸਟ ਬਿਊਰੋ): ਪਾਕਿਸਤਾਨ ਨੇ ਮੰਗਲਵਾਰ ਦੇਰ ਰਾਤ ਅਫਗਾਨਿਸਤਾਨ ਵਿੱਚ ਹਵਾਈ ਹਮਲੇ ਕਰਕੇ ਪਾਕਿਸਤਾਨੀ ਤਾਲਿਬਾਨ ਦੇ ਸ਼ੱਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਪਹਾੜੀ ਇਲਾਕਿਆਂ 'ਚ ਕੀਤੇ ਗਏ। ਇਸ ਹਵਾਈ ਹਮਲੇ 'ਚ ਘੱਟੋ-ਘੱਟ 46 ਲੋਕ ਮਾਰੇ ਗਏ ਹਨ।
ਏਪੀ ਨੇ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਹਮਲੇ ਵਿੱਚ ਪਾਕਿਸਤਾਨੀ ਤਾਲਿਬਾਨ ਯਾਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦਾ ਸਿਖਲਾਈ ਕੇਂਦਰ ਤਬਾਹ ਹੋ ਗਿਆ ਹੈ। ਅਧਿਕਾਰੀਆਂ ਨੇ ਕਈ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।
ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨੀ ਜਹਾਜ਼ ਅਫਗਾਨਿਸਤਾਨ ਵਿੱਚ ਕਿੰਨੀ ਦੂਰ ਤੱਕ ਗਏ ਅਤੇ ਉਨ੍ਹਾਂ ਨੇ ਹਮਲੇ ਕਿਵੇਂ ਕੀਤੇ। ਇਸ ਸਾਲ ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਹਵਾਈ ਹਮਲਾ ਕੀਤਾ ਹੈ।
ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਪਾਕਿਸਤਾਨੀ ਹਵਾਈ ਹਮਲੇ ਦੀ ਨਿੰਦਾ ਕੀਤੀ ਹੈ। ਕਾਬੁਲ ਨੇ ਦੋਸ਼ ਲਾਇਆ ਕਿ ਬੰਬ ਧਮਾਕੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਫਗਾਨਿਸਤਾਨ ਨੇ ਇਸ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦੱਸਿਆ ਹੈ।
ਅਫਗਾਨ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਮੰਤਰਾਲੇ ਨੇ ਲਿਖਿਆ ਕਿ ਅਜਿਹੇ ਇਕਪਾਸੜ ਕਦਮ ਕਿਸੇ ਸਮੱਸਿਆ ਦਾ ਹੱਲ ਨਹੀਂ ਹਨ। ਅਫਗਾਨਿਸਤਾਨ ਨੇ ਕਿਹਾ ਕਿ ਉਹ ਹਵਾਈ ਹਮਲੇ ਦਾ ਜਵਾਬ ਦਿੱਤਾ ਜਾਵੇਗਾ।