ਵਾਸਿ਼ੰਗਟਨ, 24 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਲਗਾਤਾਰ ਅਜਿਹੇ ਬਿਆਨ ਦੇ ਰਹੇ ਹਨ ਜੋ ਉਨ੍ਹਾਂ ਦੇ ਸਹਿਯੋਗੀਆਂ ਅਤੇ ਗੁਆਂਢੀ ਦੇਸ਼ਾਂ ਨੂੰ ਪ੍ਰੇਸ਼ਾਨ ਕਰਦੇ ਹਨ। ਐੱਨਵਾਈਟੀ ਅਨੁਸਾਰ, ਟਰੰਪ ਨੇ ਸੋਮਵਾਰ ਨੂੰ ਗ੍ਰੀਨਲੈਂਡ ਨੂੰ ਅਮਰੀਕੀ ਕੰਟਰੋਲ ਵਿੱਚ ਲੈਣ ਦੀ ਗੱਲ ਕੀਤੀ। ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅਮਰੀਕਾ ਨੂੰ ਲੱਗਦਾ ਹੈ ਕਿ ਗ੍ਰੀਨਲੈਂਡ 'ਤੇ ਸਾਡਾ ਕੰਟਰੋਲ ਪੂਰੀ ਦੁਨੀਆ 'ਚ ਰਾਸ਼ਟਰੀ ਸੁਰੱਖਿਆ ਅਤੇ ਆਜ਼ਾਦੀ ਲਈ ਬਹੁਤ ਜ਼ਰੂਰੀ ਹੈ।
ਤੁਹਾਨੂੰ ਦੱਸ ਦੇਈਏ ਕਿ ਗ੍ਰੀਨਲੈਂਡ ਉੱਤਰੀ ਅਟਲਾਂਟਿਕ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂ ਹੈ। ਇਹ ਡੈਨਮਾਰਕ ਦੇ ਕੰਟਰੋਲ ਅਧੀਨ ਇੱਕ ਖੁਦਮੁਖਤਿਆਰ ਖੇਤਰ ਹੈ। ਜਿਸ ਦਾ ਆਪਣਾ ਪ੍ਰਧਾਨ ਮੰਤਰੀ ਹੈ।
ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮਿਊਟ ਏਗੇਡੇ ਨੇ ਟਰੰਪ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਗ੍ਰੀਨਲੈਂਡ ਸਾਡਾ ਹੈ। ਅਸੀਂ ਵਿਕਾਊ ਨਹੀਂ ਹਾਂ ਅਤੇ ਕਦੇ ਵੀ ਵਿਕਾਊ ਨਹੀਂ ਹੋਵਾਂਗੇ। ਸਾਨੂੰ ਆਜ਼ਾਦੀ ਲਈ ਆਪਣੇ ਲੰਬੇ ਸੰਘਰਸ਼ ਨੂੰ ਨਹੀਂ ਗੁਆਉਣਾ ਚਾਹੀਦਾ।
ਹਾਲੇ ਤੱਕ ਡੈਨਮਾਰਕ ਦੇ ਵਿਦੇਸ਼ ਮੰਤਰਾਲੇ ਜਾਂ ਪ੍ਰਧਾਨ ਮੰਤਰੀ ਦਫਤਰ ਨੇ ਇਸ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਟਰੰਪ ਨੇ ਇਸ ਤੋਂ ਪਹਿਲਾਂ 2019 ਵਿੱਚ ਗ੍ਰੀਨਲੈਂਡ ਨੂੰ ਖਰੀਦਣ ਦਾ ਪ੍ਰਸਤਾਵ ਵੀ ਰੱਖਿਆ ਸੀ।