ਵਾਸਿ਼ੰਗਟਨ, 24 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਇੱਕ ਸਮਲਿੰਗੀ ਜੋੜੇ ਨੂੰ ਦੋ ਸਾਲਾਂ ਤੱਕ ਆਪਣੇ ਗੋਦ ਲਏ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 100 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਹਫ਼ਤੇ ਸੁਣਾਈ ਸਜ਼ਾ ਵਿੱਚ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੈਰੋਲ ਮਿਲਣ ਦੀ ਵਿਵਸਥਾ ਵੀ ਖ਼ਤਮ ਕਰ ਦਿੱਤੀ ਗਈ ਸੀ। ਦੋਸ਼ੀ ਨੇ ਕਈ ਸਾਲ ਪਹਿਲਾਂ ਈਸਾਈ ਵਿਸ਼ੇਸ਼ ਲੋੜਾਂ ਵਾਲੀ ਏਜੰਸੀ ਤੋਂ ਦੋ ਬੱਚੇ ਗੋਦ ਲਏ ਸਨ, ਜਿਨ੍ਹਾਂ ਦੀ ਉਮਰ ਹੁਣ 12 ਅਤੇ 10 ਸਾਲ ਹੈ।
ਨਿਊਯਾਰਕ ਪੋਸਟ ਮੁਤਾਬਕ ਜਿ਼ਲ੍ਹਾ ਅਟਾਰਨੀ ਰੈਂਡੀ ਮੈਕਗਿੰਲੇ ਨੇ ਕਿਹਾ ਕਿ ਦੋਨਾਂ ਮੁਲਜ਼ਮਾਂ ਵਿਲੀਅਮ ਜ਼ੁਲੌਕ (34) ਅਤੇ ਜ਼ੈਕਰੀ ਜ਼ੁਲੌਕ (36) ਦਾ ਘਰ ਬੱਚਿਆਂ ਲਈ ਡਰ ਦਾ ਘਰ ਸੀ।
ਇਨ੍ਹਾਂ ਲੋਕਾਂ ਨੇ ਆਪਣੇ ਦੋਸਤਾਂ ਨਾਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਸਨ। ਦੋਸ਼ੀਆਂ ਨੇ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ ਕਬੂਲ ਕਰ ਲਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਹਰ ਰੋਜ਼ ਬੱਚਿਆਂ ਨੂੰ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਦੇ ਸਨ। ਉਨ੍ਹਾਂ ਨੇ ਬੱਚਿਆਂ ਨੂੰ ਦੋ ਹੋਰ ਵਿਅਕਤੀਆਂ ਨਾਲ ਸਬੰਧ ਬਣਾਉਣ ਲਈ ਵੀ ਮਜ਼ਬੂਰ ਕੀਤਾ। ਉਹ ਇਸ ਦੀ ਵੀਡੀਓ ਬਣਾ ਕੇ ਅਸ਼ਲੀਲ ਰੈਕੇਟ ਚਲਾਉਣ ਵਾਲੇ ਗਿਰੋਹ ਨੂੰ ਵੇਚਦੇ ਸਨ।
ਇਹ ਮਾਮਲਾ ਦੋ ਸਾਲ ਪਹਿਲਾਂ ਉਦੋਂ ਸਾਹਮਣੇ ਆਇਆ ਸੀ ਜਦੋਂ ਪੁਲਿਸ ਨੇ 2022 ਵਿੱਚ ਇਨ੍ਹਾਂ ਬੱਚਿਆਂ ਦੀਆਂ ਵੀਡੀਓ ਡਾਊਨਲੋਡ ਕਰਦੇ ਹੋਏ ਅਸ਼ਲੀਲ ਰੈਕੇਟ ਚਲਾ ਰਹੇ ਇੱਕ ਵਿਅਕਤੀ ਨੂੰ ਫੜ੍ਹਿਆ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਦੋਵੇਂ ਦੋਸ਼ੀ ਉਨ੍ਹਾਂ ਦੇ ਘਰ 'ਚ ਰਹਿੰਦੇ ਬੱਚਿਆਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਵੇਚ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।