ਤਲਅਵੀਵ, 24 ਦਸੰਬਰ (ਪੋਸਟ ਬਿਊਰੋ): ਇਜ਼ਰਾਈਲ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਸ ਨੇ ਹਮਾਸ ਦੇ ਸਾਬਕਾ ਮੁਖੀ ਇਸਮਾਈਲ ਹਾਨਿਯੇਹ ਦਾ ਕਤਲ ਕੀਤਾ ਸੀ। ਇਜ਼ਰਾਈਲ ਦੇ ਰੱਖਿਆ ਮੰਤਰੀ ਕੈਟਜ਼ ਨੇ ਸੋਮਵਾਰ ਨੂੰ ਇਕ ਬਿਆਨ ਦੌਰਾਨ ਇਸ ਦੀ ਪੁਸ਼ਟੀ ਕੀਤੀ। ਹੂਤੀ ਵਿਦਰੋਹੀਆਂ ਦੇ ਹਮਲਿਆਂ ਦੇ ਸਬੰਧ ਵਿੱਚ ਇੱਕ ਬਿਆਨ ਵਿੱਚ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਹਨਿਯੇਹ ਅਤੇ ਸਿਨਵਾਰ ਨੂੰ ਮਾਰਿਆ ਹੈ, ਅਸੀਂ ਹੂਤੀਆਂ ਨੂੰ ਵੀ ਮਾਰਾਂਗੇ।
ਹਾਨਿਯੇਹ ਦਾ ਇਸ ਸਾਲ 31 ਜੁਲਾਈ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਹ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਾਕੀਅਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਤਹਿਰਾਨ ਪਹੁੰਚੇ ਸਨ।
ਈਰਾਨ ਨੇ ਕਿਹਾ ਸੀ ਕਿ ਹਾਨਿਯੇਹ ਮਿਜ਼ਾਈਲ ਹਮਲੇ ਵਿਚ ਮਾਰਿਆ ਗਿਆ ਹੈ। ਹਾਲਾਂਕਿ, ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਾਨਿਯੇਹ ਇੱਕ ਬੰਬ ਧਮਾਕੇ ਵਿੱਚ ਮਾਰਿਆ ਗਿਆ ਸੀ। ਹਾਨੀਯੇਹ ਦਾ ਅੰਤਿਮ ਸੰਸਕਾਰ 2 ਅਗਸਤ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਇਆ।
ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਸੀ ਕਿ ਇਜ਼ਰਾਈਲ ਨੇ ਹਾਨਿਯੇਹ ਦੀ ਮੌਤ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ। ਅਮਰੀਕੀ ਮੀਡੀਆ ਹਾਊਸ ਨਿਊਯਾਰਕ ਟਾਈਮਜ਼ ਨੇ 2 ਈਰਾਨੀਆਂ ਸਮੇਤ ਮੱਧ ਪੂਰਬ ਦੇ 7 ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਰਿਪੋਰਟਾਂ ਮੁਤਾਬਕ ਹਾਨੀਯੇਹ ਦੀ ਮੌਤ ਬੰਬ ਧਮਾਕੇ 'ਚ ਹੋਈ ਹੈ। ਉਸ ਨੂੰ ਮਾਰਨ ਵਾਲਾ ਬੰਬ ਦੋ ਮਹੀਨੇ ਪਹਿਲਾਂ ਛੁਪਾਇਆ ਗਿਆ ਸੀ ਅਤੇ ਤਹਿਰਾਨ ਦੇ ਗੈਸਟ ਹਾਊਸ ਵਿੱਚ ਲਾਇਆ ਗਿਆ ਸੀ ਜਿੱਥੇ ਹਾਨਿਯੇਹ ਰਹਿ ਰਿਹਾ ਸੀ। ਜਿਵੇਂ ਹੀ ਹਾਨਿਯੇਹ ਦੇ ਉੱਥੇ ਪਹੁੰਚਣ ਦੀ ਪੁਸ਼ਟੀ ਹੋਈ, ਕੁਝ ਬਾਹਰੀ ਖੇਤਰ ਤੋਂ ਰਿਮੋਟ ਰਾਹੀਂ ਵਿਸਫੋਟ ਕੀਤਾ ਗਿਆ।