ਅੰਕਾਰਾ, 23 ਦਸੰਬਰ (ਪੋਸਟ ਬਿਊਰੋ): ਤੁਰਕੀ ਦੇ ਮੁਗਲਾ ਸੂਬੇ ਵਿੱਚ ਐਤਵਾਰ ਨੂੰ ਇੱਕ ਹੈਲੀਕਾਪਟਰ ਹਾਦਸੇ ਵਿੱਚ ਦੋ ਪਾਇਲਟਾਂ ਅਤੇ ਇੱਕ ਡਾਕਟਰ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮੁਗਲਾ ਦੇ ਗਵਰਨਰ ਅਬਦੁੱਲਾ ਏਰਿਨ ਨੇ ਏਐੱਫਪੀ ਨੂੰ ਦੱਸਿਆ ਕਿ ਸੰਘਣੀ ਧੁੰਦ ਕਾਰਨ ਹੈਲੀਕਾਪਟਰ ਨੇੜਲੇ ਹਸਪਤਾਲ ਦੀ ਚੌਥੀ ਮੰਜਿ਼ਲ ਨਾਲ ਟਕਰਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।
ਹੈਲੀਕਾਪਟਰ ਨੇ ਮੁਗਲਾ ਤੋਂ ਅੰਤਾਲਿਆ ਸ਼ਹਿਰ ਲਈ ਉਡਾਨ ਭਰੀ। ਇਸ ਘਟਨਾ ਦੀ ਵੀਡੀਓ ਅਤੇ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਸਪਤਾਲ ਦੇ ਨੇੜੇ ਹੈਲੀਕਾਪਟਰ ਦਾ ਮਲਬਾ ਖਿਲਰਿਆ ਨਜ਼ਰ ਆ ਰਿਹਾ ਹੈ।
ਹੁਣ ਤੱਕ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ 'ਚ ਸਵਾਰ ਲੋਕਾਂ ਤੋਂ ਇਲਾਵਾ ਇਸ ਹਾਦਸੇ 'ਚ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਬਚਾਅ ਟੀਮ ਨੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।